ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 33 ਲੋਕਾਂ ਦੀ ਮੌਤ

Saturday, Sep 07, 2024 - 04:49 PM (IST)

ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 33 ਲੋਕਾਂ ਦੀ ਮੌਤ

ਵਿਜੇਵਾੜਾ- ਆਂਧਰਾ ਪ੍ਰਦੇਸ਼ 'ਚ ਪਿਛਲੇ 7 ਦਿਨਾਂ ਦੌਰਾਨ ਮੀਂਹ ਅਤੇ ਹੜ੍ਹ ਕਾਰਨ 33 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦੋ ਲੋਕ ਅਜੇ ਵੀ ਲਾਪਤਾ ਹਨ। ਸ਼ਨੀਵਾਰ ਨੂੰ ਇੱਥੇ ਜਾਰੀ ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਸੂਬੇ 'ਚ ਹੜ੍ਹਾਂ ਅਤੇ ਮੀਂਹ ਕਾਰਨ ਹੁਣ ਤੱਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ 'ਚੋਂ 25 ਲੋਕਾਂ ਦੀ ਮੌਤ ਐਨ. ਟੀ. ਆਰ ਜ਼ਿਲ੍ਹੇ 'ਚ, 7 ਗੁੰਟੂਰ ਜ਼ਿਲ੍ਹੇ 'ਚ ਅਤੇ ਇਕ ਪਲਨਾਡੂ ਜ਼ਿਲ੍ਹੇ 'ਚ ਹੋਈ ਹੈ। ਇਸ ਤਬਾਹੀ 'ਚ 106 ਵੱਡੇ ਅਤੇ 356 ਛੋਟੇ ਸਮੇਤ 462 ਪਸ਼ੂਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 61,974 ਪੰਛੀ ਵੀ ਮਾਰੇ ਗਏ ਹਨ।

ਅਧਿਕਾਰੀ ਨੇ ਪਸ਼ੂਆਂ ਲਈ ਵਿਸ਼ੇਸ਼ ਤੌਰ 'ਤੇ 131 ਸਿਹਤ ਕੈਂਪ ਲਗਾਏ, ਜਿੱਥੇ 14,092 ਪਸ਼ੂਆਂ ਦਾ ਇਲਾਜ ਕੀਤਾ ਗਿਆ। ਹੜ੍ਹ ਕਾਰਨ 7 ਬਿਜਲੀ ਸਬ-ਸਟੇਸ਼ਨ ਅਤੇ ਦੋ 33 ਕੇਵੀ ਫੀਡਰ ਨੁਕਸਾਨੇ ਗਏ। ਫਿਲਹਾਲ ਇਨ੍ਹਾਂ ਦੀ ਮੁਰੰਮਤ ਕਰ ਦਿੱਤੀ ਗਈ ਹੈ। ਹੜ੍ਹਾਂ ਕਾਰਨ 63 ਥਾਵਾਂ 'ਤੇ ਸੜਕਾਂ ਨੁਕਸਾਨੀਆਂ ਗਈਆਂ। ਜਾਰੀ ਬਿਆਨ ਅਨੁਸਾਰ ਹੜ੍ਹਾਂ ਅਤੇ ਲਗਾਤਾਰ ਮੀਂਹ ਕਾਰਨ 20 ਜ਼ਿਲ੍ਹਿਆਂ 'ਚ 1,81,538 ਹੈਕਟੇਅਰ ਰਕਬੇ 'ਚ ਖੜ੍ਹੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ 2,05,194 ਕਿਸਾਨਾਂ ਦਾ ਨੁਕਸਾਨ ਹੋਇਆ ਹੈ।

ਇਸ ਤੋਂ ਇਲਾਵਾ 19,686 ਹੈਕਟੇਅਰ 'ਚ ਬਾਗਬਾਨੀ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਜਿਸ ਨਾਲ 12 ਜ਼ਿਲ੍ਹਿਆਂ 'ਚ 30,877 ਕਿਸਾਨ ਪ੍ਰਭਾਵਿਤ ਹੋਏ। ਲਗਾਤਾਰ ਮੀਂਹ ਅਤੇ ਹੜ੍ਹਾਂ ਕਾਰਨ 6,44,133 ਲੋਕ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਲਈ 230 ਰਾਹਤ ਕੈਂਪ ਲਗਾਏ ਗਏ, ਜਦਕਿ 344 ਗਰਭਵਤੀ ਔਰਤਾਂ ਨੂੰ ਮੈਡੀਕਲ ਕੈਂਪਾਂ 'ਚ ਰੱਖਿਆ ਗਿਆ। ਬਿਆਨ ਮੁਤਾਬਕ 18 ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF), 23 ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF)  ਅਤੇ ਦੋ ਨੇਵੀ ਟੀਮਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਤਾਇਨਾਤ ਕੀਤਾ ਗਿਆ ਹੈ।
 


author

Tanu

Content Editor

Related News