ਟਰੈਕਟਰ ਅਤੇ ਬੱਸ ਵਿਚਾਲੇ ਹੋਈ ਜ਼ੋਰਦਾਰ ਟੱਕਰ, 5 ਲੋਕਾਂ ਦੀ ਮੌਤ
Thursday, Feb 23, 2023 - 05:54 PM (IST)

ਚੇਨਈ (ਵਾਰਤਾ)- ਤਾਮਿਲਨਾਡੂ 'ਚ ਧਰਮਪੁਰੀ ਜ਼ਿਲ੍ਹੇ ਦੇ ਕਾਵੇਰੀਪਟਨਮ 'ਚ ਭਿਆਨਕ ਹਾਦਸਾ ਵਾਪਰਿਆ। ਟਰੈਕਟਰ ਅਤੇ ਬੱਸ ਵਿਚਾਲੇ ਹੋਈ ਟੱਕਰ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਹਾਦਸਾ ਉਸ ਦੌਰਾਨ ਵਾਪਰਿਆ, ਜਦੋਂ ਇਕ ਟਰੈਕਟਰ 'ਤੇ 12 ਲੋਕ ਸਵਾਰ ਹੋ ਕੇ ਸਾਵੁਲੂਰ ਪਿੰਡ ਤੋਂ ਆਂਧਰਾ ਪ੍ਰਦੇਸ਼ ਦੇ ਦੇਵਕੋਟਾ ਪਿੰਡ 'ਚ ਖੇਤੀ ਕੰਮ ਲਈ ਜਾ ਰਹੇ ਸਨ।
ਬੈਂਗਲੁਰੂ ਤੋਂ ਸ਼ਿਵਕਾਸ਼ੀ ਵੱਲ ਜਾ ਰਹੀ ਇਕ ਬੱਸ ਦੀ ਅਚਾਨਕ ਟਰੈਕਟਰ ਨਾਲ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 7 ਲੋਕ ਜ਼ਖ਼ਮੀ ਹੋ ਗਏ। ਮ੍ਰਿਤਕਾਂ 'ਚ ਇਕ ਔਰਤ ਅਤੇ ਇਕ ਤਿੰਨ ਮਹੀਨੇ ਦਾ ਬੱਚਾ ਸ਼ਾਮਲ ਹੈ। ਸੂਤਰਾਂ ਅਨੁਸਾਰ ਸਾਰੇ ਜ਼ਖ਼ਮੀਆਂ ਨੂੰ ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਸਰਕਾਰੀ ਮੈਡੀਕਲ ਕਾਲਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ 'ਚ ਇਕ ਬੱਚੇ ਤੋਂ ਇਲਾਵਾ ਮੁਥੁ, ਮੱਲੀ, ਮੁਨੁਸਾਮੀ ਅਤੇ ਵਸੰਤੀ ਹਨ।