ਹਿੰਸਾ ਪ੍ਰਭਾਵਿਤ ਮਣੀਪੁਰ ਤੋਂ ਪਰਤੇ 5 ਹਿਮਾਚਲੀ ਵਿਦਿਆਰਥੀ, CM ਨੇ ਆਪਣੀ ਜੇਬ ''ਚੋਂ ਖ਼ਰਚੇ 60 ਹਜ਼ਾਰ ਰੁਪਏ

Monday, May 08, 2023 - 05:26 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਇਕ ਵਾਰ ਫਿਰ ਸੰਕਟ ਮੋਚਨ ਦੇ ਰੂਪ 'ਚ ਉਭਰ ਕੇ ਸਾਹਮਣੇ ਆਏ ਹਨ। ਦਰਅਸਲ ਮਣੀਪੁਰ ਵਿਚ ਜਾਰੀ ਤਣਾਅ ਦਰਮਿਆਨ ਇੱਥੇ ਸਿੱਖਿਆ ਪ੍ਰਾਪਤ ਕਰਨ ਗਏ ਹਿਮਾਚਲ ਦੇ ਕੁਝ ਬੱਚਿਆਂ ਨੇ ਮੁੱਖ ਮੰਤਰੀ ਨੂੰ ਸੰਦੇਸ਼ ਭੇਜ ਕੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੀ ਗੁਹਾਰ ਲਾਈ। ਇਸ ਦੇ ਤੁਰੰਤ ਬਾਅਦ ਇਕ ਵਿਸ਼ੇਸ਼ ਮੁਹਿੰਮ ਤਹਿਤ ਇਨ੍ਹਾਂ 5 ਬੱਚਿਆਂ ਨੂੰ ਇੰਫਾਲ ਦੇ ਪੂਰਬੀ ਖੇਤਰ ਤੋਂ ਕੱਢਿਆ ਗਿਆ, ਜਿਨ੍ਹਾਂ ਵਿਚ ਇਕ ਕੁੜੀ ਵੀ ਸ਼ਾਮਲ ਹੈ। ਮੁੱਖ ਮੰਤਰੀ ਨੇ ਨਾ ਸਿਰਫ਼ ਬੱਚਿਆਂ ਦੀ ਅਪੀਲ 'ਤੇ ਇਹ ਮੁਹਿੰਮ ਸ਼ੁਰੂ ਕੀਤੀ, ਸਗੋਂ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਨਿੱਜੀ ਤੌਰ 'ਤੇ ਆਪਣੀ ਜੇਬ 'ਚੋਂ 60 ਹਜ਼ਾਰ ਰੁਪਏ ਦੀ ਤੁਰੰਤ ਵਿੱਤੀ ਮਦਦ ਵੀ ਪ੍ਰਦਾਨ ਕੀਤੀ। 

ਸੁਰੱਖਿਅਤ ਕੱਢੇ ਗਏ ਤਿੰਨ ਬੱਚੇ ਰਾਸ਼ਟਰੀ ਤਕਨਾਲੋਜੀ ਸੰਸਥਾ (NIT) ਦੇ ਵਿਦਿਆਰਥੀ ਹਨ, ਜਦਕਿ ਦੋ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਮਣੀਪੁਰ ਦੇ ਵਿਦਿਆਰਥੀ ਹਨ। ਇਨ੍ਹਾਂ ਵਿਚੋਂ ਸਿਮਰਨ, ਸੁਜਲ ਕੌਂਡਲ, ਅਸ਼ਵਨੀ ਕੁਮਾਰ ਮੰਡੀ ਜ਼ਿਲ੍ਹਾ, ਨਵਾਂਗ ਛੇਰਿੰਗ ਕੁੱਲੂ ਅਤੇ ਕੇਸ਼ਵ ਸਿੰਘ ਹਮੀਰਪੁਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ। ਮੁੱਖ ਮੰਤਰੀ ਨਿੱਜੀ ਤੌਰ 'ਤੇ ਸਮੇਂ-ਸਮੇਂ 'ਤੇ ਅਧਿਕਾਰੀਆਂ ਨਾਲ ਬਚਾਅ ਮੁਹਿੰਮ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਰਹੇ। 

ਮੁੱਖ ਮੰਤਰੀ ਦੇ ਹੁਕਮ 'ਤੇ ਅਧਿਕਾਰੀਆਂ ਨੇ ਇੰਡੀਗੋ ਤੋਂ ਵਿਸ਼ੇਸ਼ ਜਹਾਜ਼ ਚਲਾਉਣ ਦੀ ਬੇਨਤੀ ਕੀਤੀ ਅਤੇ ਅੱਜ ਸਵੇਰੇ 8.20 ਵਜੇ ਉਨ੍ਹਾਂ ਨੂੰ ਲੈ ਕੇ ਇੰਫਾਲ ਤੋਂ ਇਸ ਜਹਾਜ਼ ਨੇ ਉਡਾਣ ਭਰੀ। ਮੁੱਖ ਮੰਤਰੀ ਸੁੱਖੂ ਦੇ ਨਿਰਦੇਸ਼ 'ਤੇ ਅਧਿਕਾਰੀਆਂ ਨੇ ਸਥਾਨਕ ਪੁਲਸ ਅਤੇ ਫ਼ੌਜ ਨਾਲ ਸੰਪਰਕ ਕਰ ਕੇ ਬੱਚਿਆਂ ਨੂੰ ਹਿੰਸਾ ਪ੍ਰਭਾਵਿਤ ਖੇਤਰ ਤੋਂ ਏਅਰਪੋਰਟ ਤੱਕ ਪਹੁੰਚਾਉਣ ਲਈ ਮਦਦ ਮੰਗੀ ਅਤੇ ਫ਼ੌਜ ਨੇ ਸਵੇਰੇ ਸਵਾ 5 ਵਜੇ ਬੱਚਿਆਂ ਨੂੰ ਇੰਫਾਲ ਏਅਰਪੋਰਟ ਪਹੁੰਚਾਇਆ। ਉੱਥੋਂ ਇਹ ਬੱਚੇ ਸੋਮਵਾਰ ਦੀ ਸਵੇਰ ਨੂੰ ਕੋਲਕਾਤਾ ਏਅਰਪੋਰਟ ਪਹੁੰਚ ਗਏ। ਇਨ੍ਹਾਂ ਸਾਰੇ ਬੱਚਿਆਂ ਨੇ ਸੰਕਟ ਦੀ ਘੜੀ ਵਿਚ ਮਦਦ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। 


Tanu

Content Editor

Related News