ਬੰਗਾਲ ’ਚ ਫਰਜ਼ੀ ਪਾਸਪੋਰਟ ਰੈਕੇਟ ਦਾ ਪਰਦਾਫਾਸ਼, 5 ਗ੍ਰਿਫਤਾਰ

Thursday, Dec 19, 2024 - 10:45 PM (IST)

ਬੰਗਾਲ ’ਚ ਫਰਜ਼ੀ ਪਾਸਪੋਰਟ ਰੈਕੇਟ ਦਾ ਪਰਦਾਫਾਸ਼, 5 ਗ੍ਰਿਫਤਾਰ

ਕੋਲਕਾਤਾ, (ਯੂ. ਐੱਨ. ਆਈ.)- ਪੱਛਮੀ ਬੰਗਾਲ ਦੀ ਪੁਲਸ ਨੇ ਇਕ ਫਰਜ਼ੀ ਪਾਸਪੋਰਟ ਰੈਕੇਟ ਦਾ ਪਰਦਾਫਾਸ਼ ਕਰ ਕੇ 5 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸ਼ੱਕੀਆਂ ਨੇ ਕਥਿਤ ਤੌਰ ’ਤੇ ਗਾਹਕਾਂ ਨੂੰ 2 ਤੋਂ 5 ਲੱਖ ਰੁਪਏ ਵਿਚ ਪਾਸਪੋਰਟ ਵੇਚੇ।

ਇਸ ਮਾਮਲੇ ’ਚ ਦੱਖਣੀ ਕੋਲਕਾਤਾ ਦੇ ਬੇਹਾਲਾ ਇਲਾਕੇ ਦੇ ਪਰਨਾਸ਼੍ਰੀ ਨਿਵਾਸੀ ਦੀਪਾਂਕਰ ਦਾਸ ਨਾਂ ਦੇ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੇ ਕਥਿਤ ਤੌਰ ’ਤੇ ਬੰਗਲਾਦੇਸ਼ ਤੋਂ ਆਏ ਘੁਸਪੈਠੀਆਂ ਨੂੰ 73 ਫਰਜ਼ੀ ਪਾਸਪੋਰਟ ਜਾਰੀ ਕੀਤੇ ਸਨ। ਉਨ੍ਹਾਂ ਕੋਲੋਂ ਕਈ ਇਤਰਾਜ਼ਯੋਗ ਦਸਤਾਵੇਜ਼, ਕੰਪਿਊਟਰ, ਵੱਖ-ਵੱਖ ਪੀ. ਐੱਸ. ਯੂ. ਬੈਂਕਾਂ ਦੀਆਂ ਮੋਹਰਾਂ ਅਤੇ 36 ਭਾਰਤੀ ਪਾਸਪੋਰਟ, ਸ਼ੈਨੇਗਨ ਅਤੇ ਬ੍ਰਿਟੇਨ ਵੀਜ਼ੇ ਦੀ ਫੋਟੋ ਕਾਪੀ ਵੀ ਜ਼ਬਤ ਕੀਤੀ। ਇਸ ਤੋਂ ਪਹਿਲਾਂ, ਸਿਟੀ ਪੁਲਸ ਨੇ ਫਰਜ਼ੀਵਾੜਾ ਕਰਨ ਵਾਲੇ ਗਿਰੋਹ ’ਚ ਸਿੱਧੇ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ’ਚ ਪੰਚਸਾਇਰ ਉਪ-ਡਾਕਖਾਨੇ ਦੇ ਇਕ ਡਾਕੀਏ ਸਮੇਤ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜੋ ਖਾਸ ਤੌਰ ’ਤੇ ਬੰਗਲਾਦੇਸ਼ੀ ਨਾਗਰਿਕਾਂ ਲਈ ਵੀਜ਼ੇ ਦਾ ਪ੍ਰਬੰਧ ਕਰਦੇ ਸਨ।

ਜਾਂਚ ਦੌਰਾਨ, ਕੋਲਕਾਤਾ ਪੁਲਸ ਦੇ ਸੁਰੱਖਿਆ ਕੰਟਰੋਲ ਸੰਗਠਨ (ਐੱਸ. ਸੀ. ਓ.) ਦੇ ਇਕ ਜਵਾਨ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਭਵਾਨੀਪੁਰ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਅਤੇ ਪਾਇਆ ਗਿਆ ਕਿ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਕਈ ਭਾਰਤੀ ਪਾਸਪੋਰਟ ਪ੍ਰਾਪਤ ਕੀਤੇ ਗਏ ਸਨ। ਜਾਂਚ ਦੌਰਾਨ, ਪੰਚਸਾਇਰ ਉਪ-ਡਾਕਖਾਨੇ ਤੋਂ ਕੁਝ ਡਲਿਵਰੀ ਸ਼ੀਟਾਂ ਜ਼ਬਤ ਕੀਤੀਆਂ ਗਈਆਂ। ਇਹ ਵੀ ਪਤਾ ਲੱਗਾ ਕਿ ਪਾਸਪੋਰਟ ਸੇਵਾ ਕੇਂਦਰ ਬਸ਼ੀਰਹਾਟ ਡਾਕਖਾਨੇ ਤੋਂ 37 ਪਾਸਪੋਰਟ ਅਰਜ਼ੀਆਂ ਤਿਆਰ ਕੀਤੀਆਂ ਗਈਆਂ ਸਨ।


author

Rakesh

Content Editor

Related News