ਗੋਆ ਬੀਚ ''ਤੇ ਰੂਸ ਦੇ ਇਕ ਬਜ਼ੁਰਗ ਵਿਅਕਤੀ ਦੀ ਮਛੇਰੇ ਨੇ ਬਚਾਈ ਜਾਨ
Tuesday, Oct 15, 2024 - 04:42 PM (IST)

ਪਣਜੀ- ਦੱਖਣੀ ਗੋਆ ਦੇ ਇਕ ਬੀਚ 'ਤੇ ਮੰਗਲਵਾਰ ਨੂੰ ਇਕ ਮਛੇਰੇ ਵਲੋਂ ਰੂਸ ਦੇ ਇਕ ਬਜ਼ੁਰਗ ਵਿਅਕਤੀ ਨੂੰ ਬਚਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਫਰਾਂਸਿਸ ਫਰਨਾਂਡੀਜ਼ 60 ਸਾਲ ਦੀ ਉਮਰ ਦੇ ਇਕ ਰੂਸੀ ਵਿਅਕਤੀ ਦੀ ਮਦਦ ਲਈ ਦੌੜਦਾ ਦਿਖਾਈ ਦੇ ਰਿਹਾ ਹੈ, ਜੋ ਬੇਨੌਲੀਮ ਬੀਚ ਦੇ ਕੰਢੇ ਤੱਕ ਪਹੁੰਚਣ ਲਈ ਸੰਘਰਸ਼ ਕਰ ਰਿਹਾ ਸੀ। ਫਰਨਾਂਡੀਜ਼ ਨੂੰ ਪੇਲੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਪੇਲੇ ਨੇ ਵਿਅਕਤੀ ਤੱਕ ਪਹੁੰਚਣ ਲਈ 'ਜੈੱਟ ਸਕੀ' ਦੀ ਵਰਤੋਂ ਕੀਤੀ। ਸੰਪਰਕ ਕਰਨ 'ਤੇ ਪੇਲੇ ਨੇ ਕਿਹਾ ਕਿ ਉਸ ਨੇ ਰੂਸੀ ਵਿਅਕਤੀ ਨੂੰ ਕੰਢੇ 'ਤੇ ਪਹੁੰਚਣ ਲਈ ਸੰਘਰਸ਼ ਕਰਦੇ ਦੇਖਿਆ। ਮੈਂ ਉਸ ਨੂੰ ਸਮੇਂ ਸਿਰ ਬਚਾਅ ਲਿਆ। ਮੈਂ ਉਸ ਨੂੰ ਆਪਣੀ ਜੈਟ ਸਕੀ 'ਤੇ ਖਿੱਚ ਲਿਆ ਅਤੇ ਕਿਨਾਰੇ 'ਤੇ ਵਾਪਸ ਆ ਗਿਆ। ਫਰਵਰੀ 2024 ਵਿਚ ਪੇਲੇ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿਚ ਉਹ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਪਤਨੀ ਅਕਸ਼ਾ ਮੂਰਤੀ ਨਾਲ ਦਿਖਾਈ ਦੇ ਰਿਹਾ ਸੀ।