ਕਸ਼ਮੀਰ ’ਚ ਮੌਸਮ ਦੀ ਪਹਿਲੀ ਬਰਫਬਾਰੀ, ਮੈਦਾਨਾਂ ’ਚ ਮੀਂਹ ਤੇ ਗੜ੍ਹੇਮਾਰੀ

Sunday, Sep 06, 2026 - 08:26 AM (IST)

ਕਸ਼ਮੀਰ ’ਚ ਮੌਸਮ ਦੀ ਪਹਿਲੀ ਬਰਫਬਾਰੀ, ਮੈਦਾਨਾਂ ’ਚ ਮੀਂਹ ਤੇ ਗੜ੍ਹੇਮਾਰੀ

ਸ਼੍ਰੀਨਗਰ/ਜੰਮੂ - ਕਸ਼ਮੀਰ ਦੇ ਉੱਚਾਈ ਵਾਲੇ ਇਲਾਕਿਆਂ ’ਚ ਸ਼ਨੀਵਾਰ ਨੂੰ ਮੌਸਮ ਦੀ ਪਹਿਲੀ ਬਰਫਬਾਰੀ ਹੋਈ, ਜਦਕਿ ਮੈਦਾਨੀ ਖੇਤਰਾਂ ’ਚ ਕੁਝ ਸਥਾਨਾਂ ’ਤੇ ਗੜੇਮਾਰੀ ਹੋਈ। ਬਰਫਬਾਰੀ ਦੇ ਨਾਲ ਹੀ ਉੱਚਾਈ ਵਾਲੇ ਇਲਾਕਿਆਂ ’ਚ ਤਾਪਮਾਨ ਡਿੱਗ ਗਿਆ ਅਤੇ ਉੱਥੇ ਮੈਦਾਨੀ ਇਲਾਕਿਆਂ ਦੇ ਮੁਕਾਬਲੇ ਜ਼ਿਆਦਾ ਠੰਡ ਹੋ ਗਈ। ਇਸ ਨਾਲ ਸ਼੍ਰੀਨਗਰ-ਸੋਨਮਰਗ-ਜ਼ੋਜਿਲਾ ਰੂਟ ਦੇ ਇਲਾਕਿਆਂ ’ਚ ਵੀ ਸਾਫ਼ ਤੌਰ ’ਤੇ ਬਦਲਾਅ ਦੇਖਿਆ ਗਿਆ।

ਅਧਿਕਾਰੀਆਂ ਅਨੁਸਾਰ, ਗੁਲਮਰਗ, ਸੋਨਮਰਗ ਅਤੇ ਗੁਮਰੀ ਦੇ ਪਹਾੜੀ ਇਲਾਕਿਆਂ ’ਚ ਇਸ ਮੌਸਮ ਦੀ ਪਹਿਲੀ ਬਰਫਬਾਰੀ ਹੋਈ। ਉਨ੍ਹਾਂ ਦੱਸਿਆ ਕਿ ਸ਼੍ਰੀਨਗਰ ਸ਼ਹਿਰ ਅਤੇ ਆਸ-ਪਾਸ ਦੇ ਜ਼ਿਲਿਆਂ ਦੇ ਕੁਝ ਹਿੱਸਿਆਂ ’ਚ ਸਵੇਰੇ ਤੇ ਦੁਪਹਿਰ ਦੇ ਸਮੇਂ ਮੀਂਹ ਪਿਆ, ਜਿਸ ਨਾਲ ਦਿਨ ਦੇ ਤਾਪਮਾਨ ’ਚ ਕੁਝ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਕੁਝ ਹਿੱਸਿਆਂ ’ਚ ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀਆਂ ਵੀ ਖ਼ਬਰਾਂ ਮਿਲੀਆਂ ਹਨ। ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਕੁਝ ਸਮੇਂ ਲਈ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਅਗਲੇ ਕੁਝ ਦਿਨਾਂ ’ਚ ਮੌਸਮ ਆਮ ਤੌਰ ’ਤੇ ਖੁਸ਼ਕ ਰਹਿਣ ਦੀ ਉਮੀਦ ਹੈ।

ਆਵਾਜਾਈ ਹੋ ਸਕਦੀ ਹੈ ਪ੍ਰਭਾਵਿਤ
ਇਸ ਘਟਨਾਚੱਕਰ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ, ਕਿਉਂਕਿ ਜ਼ੋਜਿਲਾ ਸੈਕਟਰ ਕਸ਼ਮੀਰ ਅਤੇ ਲੱਦਾਖ ਵਿਚਾਲੇ ਉੱਚਾਈ ’ਤੇ ਸਥਿਤ ਇਕ ਅਹਿਮ ਕੜੀ ਹੈ। ਜੇਕਰ ਬਰਫਬਾਰੀ ਹੋਰ ਤੇਜ਼ ਹੁੰਦੀ ਹੈ ਤਾਂ ਤਾਪਮਾਨ ਹੋਰ ਡਿੱਗ ਸਕਦਾ ਹੈ। ਇਸ ਨਾਲ ਉੱਚੇ ਇਲਾਕਿਆਂ ’ਚ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।
 


author

Sunaina

Content Editor

Related News