24 ਫਰਵਰੀ ਤੋਂ ਸ਼ੁਰੂ ਹੋਵੇਗਾ ਦਿੱਲੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ
Friday, Feb 21, 2025 - 01:48 PM (IST)

ਨਵੀਂ ਦਿੱਲੀ- ਦਿੱਲੀ ਦੀ ਨਵੀਂ ਬਣੀ ਭਾਜਪਾ ਸਰਕਾਰ ਨੇ 24 ਫਰਵਰੀ ਤੋਂ 27 ਫਰਵਰੀ ਤੱਕ ਵਿਧਾਨ ਸਭਾ ਸੈਸ਼ਨ ਬੁਲਾਇਆ ਹੈ। ਇਸ 'ਚ ਸਾਰੇ ਵਿਧਾਇਕ ਨਾ ਸਿਰਫ਼ ਸਹੁੰ ਚੁੱਕਣਗੇ ਸਗੋਂ ਪਿਛਲੇ ਪੰਜ ਸਾਲਾਂ ਤੋਂ ਪੈਂਡਿੰਗ ਪਈਆਂ 14 ਕੈਗ ਰਿਪੋਰਟਾਂ ਵੀ ਪੇਸ਼ ਕੀਤੀਆਂ ਜਾਣਗੀਆਂ।
ਅਧਿਕਾਰੀਆਂ ਨੇ ਦੱਸਿਆ ਕਿ ਸੈਸ਼ਨ 24, 25, 27ਫਰਵਰੀ ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਸੈਸ਼ਨ ਵਿਚ ਪਿਛਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਕਾਰਗੁਜ਼ਾਰੀ ਨਾਲ ਸਬੰਧਤ ਕੈਗ (ਕੰਟਰੋਲਰ ਅਤੇ ਆਡੀਟਰ ਜਨਰਲ) ਦੀਆਂ ਪੈਂਡਿੰਗ ਰਿਪੋਰਟਾਂ ਸਦਨ ਵਿਚ ਪੇਸ਼ ਕੀਤੀਆਂ ਜਾਣਗੀਆਂ। ਨਵੇਂ ਚੁਣੇ ਗਏ ਵਿਧਾਇਕਾਂ ਨੂੰ 24-25 ਫਰਵਰੀ ਨੂੰ ਸਹੁੰ ਚੁਕਾਈ ਜਾਵੇਗੀ ਅਤੇ 26 ਫਰਵਰੀ ਨੂੰ ਸ਼ਿਵਰਾਤਰੀ ਦੀ ਛੁੱਟੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਕੈਗ ਦੀ ਰਿਪੋਰਟ ਪੇਸ਼ ਕਰੇਗੀ।
ਭਾਜਪਾ ਨੇ 'ਆਪ' ਸਰਕਾਰ 'ਤੇ ਆਪਣੇ 'ਭ੍ਰਿਸ਼ਟਾਚਾਰ' ਨੂੰ ਲੁਕਾਉਣ ਲਈ ਰਿਪੋਰਟ ਨੂੰ ਰੋਕਣ ਦਾ ਦੋਸ਼ ਲਾਇਆ ਸੀ। ਇਸ ਮਹੀਨੇ ਦੇ ਸ਼ੁਰੂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਨੇ ਦਿੱਲੀ 'ਚ ਨਵੀਂ ਸਰਕਾਰ ਬਣਾਈ ਹੈ। ਵਿਧਾਨ ਸਭਾ ਵਿਚ ਇਸ ਦੇ 48 ਵਿਧਾਇਕ ਹਨ ਜਦਕਿ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ 22 ਵਿਧਾਇਕ ਹਨ।