ਮਣੀਪੁਰ ’ਚ ਫਾਇਰਿੰਗ, 9 ਘਰਾਂ ਨੂੰ ਲਾਈ ਅੱਗ
Thursday, Aug 13, 2026 - 05:06 AM (IST)
ਇੰਫਾਲ - ਹਥਿਆਰਬੰਦ ਬਦਮਾਸ਼ਾਂ ਨੇ ਮਣੀਪੁਰ ਦੇ ਕਾਂਗਪੋਕਪੀ ਜ਼ਿਲੇ ਦੇ ਇਕ ਨਾਗਾ ਪਿੰਡ ’ਤੇ ਹਮਲਾ ਕਰ ਕੇ 9 ਘਰਾਂ ਨੂੰ ਅੱਗ ਲਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਟੋਕਪਾ ਲਿਆਂਗਮਾਈ ਨਾਗਾ ਪਿੰਡ ’ਚ ਵਾਪਰੀ। ਬਦਮਾਸ਼ਾਂ ਨੇ ਫਾਇਰਿੰਗ ਕੀਤੀ ਤੇ ਫਿਰ 9 ਘਰਾਂ ਨੂੰ ਅੱਗ ਲਾਈ। ਨੇੜਲੇ ਪਿੰਡਾਂ ਦੇ ਲੋਕ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਅੱਗ ਬੁਝਾਉਣ ’ਚ ਮਦਦ ਕੀਤੀ।
ਉਨ੍ਹਾਂ ਕਿਹਾ ਕਿ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਇਲਾਕੇ ’ਚ ਸੁਰੱਖਿਆ ਫੋਰਸਾਂ ਦੇ ਹੋਰ ਜਵਾਨ ਤਾਇਨਾਤ ਕੀਤੇ ਗਏ ਹਨ। ਲਿਆਂਗਮਾਈ ਨਾਗਾ ਕੌਂਸਲ, ਮਣੀਪੁਰ ਨੇ ਇਸ ਘਟਨਾ ਦੀ ਨਿੰਦਾ ਕੀਤੀ ਤੇ ਦੋਸ਼ ਲਾਇਆ ਕਿ ਹਮਲੇ ’ਚ ਕਿਸੇ ਹੋਰ ਭਾਈਚਾਰੇ ਦੇ ਹਥਿਆਰਬੰਦ ਵਿਅਕਤੀ ਸ਼ਾਮਲ ਸਨ।
ਕੌਂਸਲ ਨੇ ਇਕ ਬਿਆਨ ’ਚ ਕਿਹਾ ਕਿ ਨਿਰਦੋਸ਼ ਨਾਗਰਿਕਾਂ, ਰਿਹਾਇਸ਼ੀ ਜਾਇਦਾਦਾਂ ਤੇ ਪੂਜਾ ਵਾਲੀਆਂ ਥਾਵਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣਾ ਨਿੰਦਣਯੋਗ ਕੰਮ ਹੈ।
