ਪਟਾਕਾ ਫੈਕਟਰੀ ''ਚ ਵੱਡਾ ਧਮਾਕਾ ਹੋਣ ਕਾਰਨ 8 ਘਰ ਹੋਏ ਢਹਿ ਢੇਰੀ, 5 ਲੋਕਾਂ ਦੀ ਮੌਤ
Wednesday, Oct 02, 2024 - 09:09 PM (IST)
ਨੈਸ਼ਨਲ ਡੈਸਕ - ਉੱਤਰ ਪ੍ਰਦੇਸ਼ ਵਿੱਚ ਹਰ ਰੋਜ਼ ਗੈਰ-ਕਾਨੂੰਨੀ ਪਟਾਕਿਆਂ ਦੀਆਂ ਫੈਕਟਰੀਆਂ ਵਿੱਚ ਧਮਾਕੇ ਹੋ ਰਹੇ ਹਨ। ਇਸ ਵਾਰ ਬਰੇਲੀ ਜ਼ਿਲ੍ਹੇ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਇਆ ਹੈ। ਬੁੱਧਵਾਰ ਦੇਰ ਸ਼ਾਮ ਹੋਏ ਧਮਾਕੇ ਕਾਰਨ ਫੈਕਟਰੀ ਦੇ ਆਲੇ-ਦੁਆਲੇ ਦੇ ਅੱਠ ਘਰ ਢਹਿ ਗਏ, ਜਿਸ ਕਾਰਨ ਮਲਬੇ ਹੇਠ ਦੱਬ ਕੇ ਪੰਜ ਲੋਕਾਂ ਦੀ ਮੌਤ ਹੋ ਗਈ। ਮਲਬੇ ਹੇਠ ਕਈ ਹੋਰ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ ਹੈ। ਮੌਕੇ 'ਤੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਬਚਾਅ ਕਾਰਜ ਚਲਾ ਰਹੀਆਂ ਹਨ। ਪੁਲਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਰੌਲੀ ਥਾਣਾ ਖੇਤਰ ਦੇ ਪਿੰਡ ਕਲਿਆਣਪੁਰ ਵਿੱਚ ਨਾਜਾਇਜ਼ ਤੌਰ ’ਤੇ ਪਟਾਕਿਆਂ ਦੀ ਫੈਕਟਰੀ ਚੱਲ ਰਹੀ ਸੀ। ਇਸ ਪਟਾਕਾ ਫੈਕਟਰੀ ਦੇ ਆਲੇ-ਦੁਆਲੇ ਰਿਹਾਇਸ਼ੀ ਮਕਾਨ ਵੀ ਬਣੇ ਹੋਏ ਸਨ, ਜਿਨ੍ਹਾਂ ਵਿਚ ਲੋਕ ਰਹਿੰਦੇ ਸਨ। ਪਿੰਡ ਵਾਸੀ ਰਹਿਮਾਨ ਸ਼ਾਹ ਦੇ ਰਿਸ਼ਤੇਦਾਰ ਨਾਜ਼ਿਮ ਅਤੇ ਨਾਸਿਰ ਸਿਰੌਲੀ ਦੇ ਬਾਜ਼ਾਰ ਵਿੱਚ ਪਟਾਕਿਆਂ ਦਾ ਕੰਮ ਕਰਦੇ ਹਨ। ਰਹਿਮਾਨ ਸ਼ਾਹ ਵੀ ਗੁਪਤ ਰੂਪ ਵਿਚ ਆਪਣੇ ਘਰ ਆਤਿਸ਼ਬਾਜ਼ੀ ਬਣਾ ਕੇ ਉਨ੍ਹਾਂ ਨੂੰ ਦਿੰਦਾ ਸੀ।
ਮਕਾਨ ਮਲਬੇ ਵਿੱਚ ਤਬਦੀਲ
ਬੁੱਧਵਾਰ ਨੂੰ ਪਿੰਡ ਕਲਿਆਣਪੁਰ 'ਚ ਰਹਿਮਾਨ ਸ਼ਾਹ ਦੇ ਘਰ 'ਚ ਰੱਖੇ ਪਟਾਕਿਆਂ 'ਚ ਜ਼ਬਰਦਸਤ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਡਰ ਗਏ। ਜਦੋਂ ਲੋਕਾਂ ਨੇ ਬਾਹਰ ਆ ਕੇ ਦੇਖਿਆ ਤਾਂ ਰਹਿਮਾਨ ਦਾ ਘਰ ਪੂਰੀ ਤਰ੍ਹਾਂ ਮਲਬੇ 'ਚ ਡਿੱਗਿਆ ਹੋਇਆ ਸੀ। ਨੇੜਲੇ ਅੱਠ ਹੋਰ ਘਰ ਵੀ ਇਸ ਧਮਾਕੇ ਦੀ ਲਪੇਟ ਵਿੱਚ ਆ ਗਏ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਸਿਰੌਲੀ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਸੂਚਨਾ ਮਿਲਦੇ ਹੀ ਸਿਰੌਲੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ।
ਐਸ.ਪੀ ਅਤੇ ਸੀ.ਓ ਮੌਕੇ ’ਤੇ ਪੁੱਜੇ
ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਰਹਿਮਾਨ ਸ਼ਾਹ ਦੀ ਨੂੰਹ ਸਮੇਤ 5 ਲੋਕਾਂ ਦੀ ਮਲਬੇ ਹੇਠਾਂ ਦੱਬ ਕੇ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਸ.ਐਸ.ਪੀ. ਅਨੁਰਾਗ ਆਰੀਆ ਨੇ ਐਸ.ਪੀ. ਟਰੈਫਿਕ ਅਤੇ ਸੀ.ਓ ਮੀਰਗੰਜ ਨੂੰ ਮੌਕੇ ਉੱਤੇ ਭੇਜਿਆ। ਐਸ.ਐਸ.ਪੀ. ਦੇ ਹੁਕਮ ਮਿਲਦੇ ਹੀ ਦੋਵੇਂ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਦੋਵਾਂ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਘਟਨਾ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ। ਪ੍ਰਸ਼ਾਸਨ ਦੀ ਟੀਮ ਵੀ ਮੌਕੇ 'ਤੇ ਮੌਜੂਦ ਹੈ।