ਝਾਰਖੰਡ: ਨਰਸਿੰਗ ਹੋਮ ''ਚ ਲੱਗੀ ਭਿਆਨਕ ਅੱਗ, ਸਾਹ ਘੁੱਟਣ ਦੋ ਡਾਕਟਰਾਂ ਸਮੇਤ 5 ਲੋਕਾਂ ਦੀ ਮੌਤ
Saturday, Jan 28, 2023 - 10:22 AM (IST)

ਧਨਬਾਦ- ਝਾਰਖੰਡ ਦੇ ਧਨਬਾਦ ਵਿਚ ਸ਼ੁੱਕਰਵਾਰ ਦੇਰ ਰਾਤ ਇਕ ਨਿੱਜੀ ਨਰਸਿੰਗ ਹੋਮ 'ਚ ਅੱਗ ਲੱਗਣ ਨਾਲ ਦੋ ਡਾਕਟਰਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ 'ਚ ਹਸਪਤਾਲ ਦੇ ਡਾਕਟਰ ਵਿਕਾਸ ਹਾਜਰਾ, ਉਨ੍ਹਾਂ ਦੀ ਪਤਨੀ ਡਾਕਟਰ ਪ੍ਰੇਮਾ ਹਾਜਰਾ, ਡਾਕਟਰ ਮਾਲਕ ਦਾ ਭਤੀਜਾ ਸੋਹਨ ਖਮਾਰੀ ਅਤੇ ਘਰੇਲੂ ਨੌਕਰਾਣੀ ਤਾਰਾ ਦੇਵੀ ਸ਼ਾਮਲ ਹਨ।
ਅਧਿਕਾਰੀ ਮੁਤਾਬਕ ਰਾਂਚੀ ਤੋਂ ਕਰੀਬ 170 ਕਿਲੋਮੀਟਰ ਦੂਰ ਧਨਬਾਦ ਦੇ ਬੈਂਕ ਮੋੜ ਇਲਾਕੇ ਵਿਚ ਸਥਿਤ ਨਰਸਿੰਗ ਹੋਮ ਦੇ ਸਟੋਰ ਰੂਮ 'ਚ ਦੇਰ ਰਾਤ ਕਰੀਬ 2 ਵਜੇ ਅੱਗ ਲੱਗ ਗਈ। ਧਨਬਾਦ ਦੇ ਸਬ-ਡਿਵੀਜ਼ਨ ਮੈਜਿਸਟ੍ਰੇਟ (SDM) ਪ੍ਰੇਮ ਕੁਮਾਰ ਤਿਵਾੜੀ ਨੇ ਦੱਸਿਆ ਕਿ ਸਟੋਰ ਰੂਮ ਵਿਚ ਅੱਗ ਲੱਗਣ ਮਗਰੋਂ ਸਾਹ ਘੁੱਟਣ ਨਾਲ ਨਰਸਿੰਗ ਹੋਮ ਦੇ ਮਾਲਕ ਅਤੇ ਉਨ੍ਹਾਂ ਦੀ ਪਤਨੀ ਸਮੇਤ 5 ਲੋਕਾਂ ਦੀ ਮੌਤ ਹੋ ਗਈ।
ਇਕ ਵਿਅਕਤੀ ਝੁਲਸਿਆ ਵੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੇ ਸਬੰਧ ਵਿਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਤਿਵਾੜੀ ਮੁਤਾਬਕ 4 ਮ੍ਰਿਤਕਾਂ ਦੀ ਸ਼ਨਾਖ਼ਤ ਕੀਤੀ ਜਾ ਚੁੱਕੀ ਹੈ, ਜਦਕਿ 5ਵੇਂ ਦੀ ਪਛਾਣ ਹੋਣੀ ਅਜੇ ਬਾਕੀ ਹੈ।