ਟਰੇਲਰ-ਕੰਟੇਨਰ ਦੀ ਸਿੱਧੀ ਟੱਕਰ ਤੋਂ ਬਾਅਦ ਲੱਗੀ ਅੱਗ, ਦੋਵੇਂ ਡਰਾਈਵਰ ਜ਼ਿੰਦਾ ਸੜੇ
Wednesday, Dec 18, 2024 - 04:59 AM (IST)
ਬੀਕਾਨੇਰ (ਪ੍ਰੇਮ) - ਨਾਗੌਰ ’ਚ ਮੰਗਲਵਾਰ ਸਵੇਰੇ 6 ਵਜੇ ਨੈਸ਼ਨਲ ਹਾਈਵੇਅ-62 ’ਤੇ ਟਰੇਲਰ ਤੇ ਕੰਟੇਨਰ ਦੀ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਡਰਾਈਵਰਾਂ ਨੂੰ ਸੰਭਲਣ ਦਾ ਵੀ ਮੌਕਾ ਨਹੀਂ ਮਿਲਿਆ। ਦੋਵੇਂ ਡਰਾਈਵਰ ਕੈਬਿਨਾਂ ਵਿਚ ਫਸ ਗਏ ਅਤੇ ਅੱਗ ਵਿਚ ਜ਼ਿੰਦਾ ਸੜ ਗਏ। ਸਦਰ ਸੀ. ਆਈ. ਸੁਰੇਸ਼ ਕਸਵਾਂ ਨੇ ਦੱਸਿਆ ਕਿ ਇਹ ਹਾਦਸਾ ਨਾਗੌਰ ਜ਼ਿਲਾ ਹੈੱਡਕੁਆਰਟਰ ਤੋਂ ਕਰੀਬ 12 ਕਿਲੋਮੀਟਰ ਦੂਰ ਸਦਰ ਥਾਣਾ ਖੇਤਰ ਦੇ ਬੀਕਾਨੇਰ ਵੱਲ ਜਾਣ ਵਾਲੀ ਸੜਕ ’ਤੇ ਗੋਗੇਲਾਵ ਅਤੇ ਬਾਰਾਨੀ ਵਿਚਕਾਰ ਵਾਪਰਿਆ।
ਨੈਸ਼ਨਲ ਹਾਈਵੇਅ ’ਤੇ ਹਾਦਸੇ ਅਤੇ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਥਾਣਾ ਸਦਰ ਦੀ ਟੀਮ ਮੌਕੇ ’ਤੇ ਪਹੁੰਚ ਗਈ। ਮੌਕੇ ’ਤੇ ਮੌਜੂਦ ਦੋਵੇਂ ਵਾਹਨਾਂ ’ਚ ਭਿਆਨਕ ਅੱਗ ਲੱਗੀ ਹੋਈ ਸੀ। ਨੈਸ਼ਨਲ ਹਾਈਵੇਅ ਦਾ ਨਿਰਮਾਣ ਚੱਲ ਰਿਹਾ ਹੈ ਅਤੇ ਜਿੱਥੇ ਇਹ ਹਾਦਸਾ ਵਾਪਰਿਆ ਉੱਥੇ ਵਿਚਕਾਰ ਕੋਈ ਡਿਵਾਈਡਰ ਨਹੀਂ ਹੈ, ਜਿਸ ਕਾਰਨ ਆਹਮੋ-ਸਾਹਮਣੇ ਟੱਕਰ ਹੋ ਗਈ। ਦੋਵੇਂ ਗੱਡੀਆਂ ਦੇ ਕੈਬਿਨ ਸੜ ਗਏ।
ਨਾਗੌਰ ਤੋਂ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੱਦਿਆ ਗਿਆ। ਅੱਗ ਬੁਝਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਹਾਦਸੇ ਕਾਰਨ ਨੈਸ਼ਨਲ ਹਾਈਵੇਅ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਅੱਗ ਬੁਝਾਉਣ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਕਰੇਨ ਦੀ ਮਦਦ ਨਾਲ ਸੜਕ ਤੋਂ ਹਟਾਇਆ ਗਿਆ। ਇਸ ਤੋਂ ਬਾਅਦ ਸਵੇਰੇ 9 ਵਜੇ ਨੈਸ਼ਨਲ ਹਾਈਵੇਅ ’ਤੇ ਆਵਾਜਾਈ ਸੁਚਾਰੂ ਹੋਈ।