ਭਾਰਤ ਦੇ ''ਸਿੰਗਲ'' ਅਫ਼ਰੀਕੀ ਹਾਥੀ ਲਈ ਸਾਥੀ ਲੱਭਣਾ ਮੁਸ਼ਕਲ, ਪਟੀਸ਼ਨਕਰਤਾ ਨੇ ਹਾਈ ਕੋਰਟ ਤੱਕ ਕੀਤੀ ਪਹੁੰਚ
Monday, May 22, 2023 - 03:28 PM (IST)
ਨਵੀਂ ਦਿੱਲੀ- ਦਿੱਲੀ ਅਤੇ ਮੈਸੂਰ ਦੇ ਚਿੜੀਆਘਰ ਇਸ ਸਮੇਂ ਇਕ ਵੱਡੀ ਚਿੰਤਾ ਨਾਲ ਜੂਝ ਰਹੇ ਹਨ, ਉਹ ਇਹ ਕਿ ਦੇਸ਼ ਵਿਚ ਸਿਰਫ਼ ਦੋ ਅਫ਼ਰੀਕੀ ਹਾਥੀਆਂ ਸ਼ੰਕਰ ਅਤੇ ਰਿਚੀ ਲਈ ਸਾਥੀ ਨਹੀਂ ਮਿਲ ਰਹੇ। ਇਨ੍ਹਾਂ ਲਈ ਸਾਥੀ ਮਿਲਣਾ ਬੇਹੱਦ ਗੁੰਝਲਦਾਰ ਬਣਿਆ ਹੋਇਆ ਹੈ। 27 ਸਾਲਾ ਸ਼ੰਕਰ, 2001 ਤੋਂ ਦਿੱਲੀ ਦੇ ਚਿੜੀਆਘਰ ਦਾ ਇਕ ਮਾਤਰ ਅਫ਼ਰੀਕੀ ਹਾਥੀ ਹੈ, ਜਦੋਂ ਉਸ ਦੇ ਨਾਲ ਲਿਆਂਦੀ ਗਈ ਮਾਦਾ ਹਾਥੀ ਦੀ ਮੌਤ ਹੋ ਗਈ। ਮੈਸੂਰ ਚਿੜੀਆਘਰ 'ਚ ਰਿਚੀ ਇਕ ਅਫ਼ਰੀਕੀ ਹਾਥੀ ਹੈ, ਜੋ 2016 ਤੋਂ ਆਪਣੇ ਪਿਤਾ ਟਿੰਬੋ ਦੀ ਮੌਤ ਮਗਰੋਂ ਇਕੱਲਾ ਹੈ। ਅਫ਼ਰੀਕੀ ਹਾਥੀ ਸਭ ਤੋਂ ਵੱਡੇ ਭੂਮੀ ਥਣਧਾਰੀ, ਏਸ਼ੀਆਈ ਹਾਥੀਆਂ ਤੋਂ ਵੱਖ ਹੈ। ਸ਼ੰਕਰ ਅਤੇ ਰਿਚੀ ਦੋਹਾਂ ਨੂੰ ਉਨ੍ਹਾਂ ਦੇ ਸਬੰਧਤ ਚਿੜੀਘਰ 'ਚ ਏਸ਼ੀਆਈ ਹਾਥੀਆਂ ਤੋਂ ਵੱਖ ਰੱਖਿਆ ਗਿਆ ਹੈ।
ਰਿਚੀ ਦਾ ਜਨਮ ਮੈਸੂਰ ਦੇ ਚਿੜੀਆਘਰ ਵਿਚ 1970 ਦੇ ਦਹਾਕੇ 'ਚ ਜਰਮਨੀ ਤੋਂ ਲਿਆਂਦੇ ਗਏ ਦੋ ਅਫਰੀਕੀ ਹਾਥੀਆਂ ਦੇ ਘਰ ਹੋਇਆ ਸੀ। ਸ਼ੰਕਰ ਨਾਂ ਦਾ ਹਾਥੀ, ਜੋ ਜੰਗਲ 'ਚੋਂ ਫੜਿਆ ਗਿਆ ਸੀ, ਇਹ ਜ਼ਿੰਬਾਬਵੇ ਤੋਂ ਇਕ ਕੂਟਨੀਤਕ ਤੋਹਫ਼ੇ ਵਜੋਂ 1998 ਵਿਚ ਭਾਰਤ ਆਇਆ ਸੀ। 2021 ਵਿਚ ਦਿੱਲੀ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਚ ਸ਼ੰਕਰ ਨੂੰ ਹੋਰ ਅਫਰੀਕੀ ਹਾਥੀਆਂ ਨਾਲ ਰਹਿਣ ਵਾਲੇ ਸਥਾਨ 'ਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ। ਇਸ ਮਹੀਨੇ ਦੇ ਸ਼ੁਰੂ 'ਚ ਜਾਰੀ ਇਕ ਆਦੇਸ਼ 'ਚ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਅਤੇ ਕਿਹਾ ਕਿ ਪਟੀਸ਼ਨਕਰਤਾ ਨਿਕਿਤਾ ਧਵਨ, ਸੁਪਰੀਮ ਕੋਰਟ ਵਲੋਂ ਨਿਯੁਕਤ ਕਮੇਟੀ ਤੱਕ ਪਹੁੰਚ ਕਰ ਸਕਦੀ ਹੈ।
ਦਿੱਲੀ ਦੇ ਚਿੜੀਆਘਰ 'ਚ ਸ਼ੰਕਰ ਲਈ ਸਾਥੀ ਦੀ ਭਾਲ ਜਾਰੀ ਹੈ। ਚਿੜੀਆਘਰ ਦੀ ਡਾਇਰੈਕਟਰ ਆਕਾਂਕਸ਼ਾ ਮਹਾਜਨ ਨੇ ਕਿਹਾ ਕਿ ਉਨ੍ਹਾਂ ਨੇ ਇਕ ਹੋਰ ਅਫਰੀਕੀ ਹਾਥੀ ਦੀ ਢੋਆ-ਢੁਆਈ ਲਈ ਫੰਡ ਪ੍ਰਾਪਤ ਕਰਨ ਲਈ ਕੇਂਦਰੀ ਵਾਤਾਵਰਣ ਮੰਤਰਾਲੇ ਤੋਂ ਸਹਾਇਤਾ ਦੀ ਮੰਗ ਕਰਨ ਵਾਲਾ ਪ੍ਰਸਤਾਵ ਤਿਆਰ ਕੀਤਾ ਹੈ।