ਰਾਮ ਮੰਦਰ ਦੇ ਸਬੂਤ ਲੱਭਣ ਵਾਲੇ ਬੀ. ਬੀ. ਲਾਲ ਨੂੰ ਪਦਮ ਵਿਭੂਸ਼ਣ

Thursday, Nov 11, 2021 - 04:28 PM (IST)

ਰਾਮ ਮੰਦਰ ਦੇ ਸਬੂਤ ਲੱਭਣ ਵਾਲੇ ਬੀ. ਬੀ. ਲਾਲ ਨੂੰ ਪਦਮ ਵਿਭੂਸ਼ਣ

ਨਵੀਂ ਦਿੱਲੀ(ਭਾਸ਼ਾ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਨੇ-ਪ੍ਰਮੰਨੇ ਗਾਇਕ ਸਵਰਗੀ ਐੱਸ.ਪੀ. ਬਾਲਸੁਬਰਾਮਨੀਅਮ, ਲੋਕ ਸਭਾ ਦੀ ਸਾਬਕਾ ਸਪੀਕਰ ਸੁਮਿਤਰਾ ਮਹਾਜਨ ਅਤੇ ਆਸਾਮ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਤਰੁਣ ਗੋਗੋਈ ਸਮੇਤ 118 ਪ੍ਰਮੁੱਖ ਸ਼ਖਸੀਅਤਾਂ ਨੂੰ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਸਮਾਰੋਹ ਦੌਰਾਨ ਪਦਮ ਪੁਰਸਕਾਰਾਂ ਨਾਲ ਨਿਵਾਜਿਆ।

ਬੀ. ਬੀ. ਲਾਲ ਨੂੰ ਪਦਮ ਵਿਭੂਸ਼ਣ-

ਸਾਲ 1970 ਦੇ ਅੱਧ ’ਚ ਰਾਮ ਜਨਮ ਭੂਮੀ ਵਾਲੀ ਥਾਂ ’ਤੇ ਖੁਦਾਈ ਦੀ ਅਗਵਾਈ ਕਰ ਕੇ ਰਾਮ ਮੰਦਰ ਬਾਰੇ ਸਬੂਤ ਲੱਭਣ ਵਾਲੇ ਪੁਰਾਤਤੱਵ ਮਾਹਰ ਬੀ.ਬੀ. ਲਾਲ, ਗਾਇਕ ਬਾਲਸੁਬਰਾਮਨੀਅਮ (ਮਰਨ ਉਪਰੰਤ) ਅਤੇ ਇਸਲਾਮੀ ਵਿਦਵਾਨ ਮੌਲਾਨਾ ਵਹੀਦੁਦੀਨ ਖਾਨ (ਮਰਨ ਉਪਰੰਤ) ਨੂੰ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ।

ਓਡਿਸ਼ਾ ਦੇ ਮੰਨੇ-ਪ੍ਰਮੰਨੇ ਮੂਰਤੀਕਾਰ ਸੂਦਰਸ਼ਨ ਸਾਹੂ, ਕਰਨਾਟਕ ਦੇ ਪ੍ਰਸਿੱਧ ਡਾਕਟਰ ਅਤੇ ਸਿੱਖਿਆ ਮਾਹਿਰ ਬੀ. ਮੋਨੱਪਾ ਹੇਗੜੇ ਅਤੇ ਅਮਰੀਕਾ ’ਚ ਰਹਿਣ ਵਾਲੇ ਇੰਜੀਨੀਅਰਿੰਗ ਵਿਗਿਆਨੀ ਨਰਿੰਦਰ ਸਿੰਘ ਕਪਾਨੀ (ਮਰਨ ਉਪਰੰਤ) ਨੂੰ ਵੀ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਜਾਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ ਸ਼ਿੰਜੋ ਆਬੇ ਨੂੰ ਵੀ ਪਦਮ ਵਿਭੂਸ਼ਣ ਦਿੱਤਾ ਗਿਆ ਹੈ ਪਰ ਉਹ ਪੁਰਸਕਾਰ ਲੈਣ ਲਈ ਸਮਾਰੋਹ ’ਚ ਹਾਜ਼ਰ ਨਹੀਂ ਸਨ।


ਨਰਿੰਦਰ ਸਿੰਘ ਕਪਾਨੀ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ, ਤਰਲੋਚਨ ਸਿੰਘ ਨੂੰ ਪਦਮ ਭੂਸ਼ਣ

ਸੁਮਿਤਰਾ ਮਹਾਜਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਨਰਪੇਂਦਰ ਮਿਸ਼ਰਾ, ਉਦਯੋਗਪਤੀ ਰਜਨੀਕਾਂਤ ਡੀ ਸ਼ਰਾਫ ਅਤੇ ਸਾਬਕਾ ਐੱਮ.ਪੀ. ਤਰਲੋਚਨ ਸਿੰਘ ਨੂੰ ਲੋਕ ਸੇਵਾ ਦੇ ਖੇਤਰ ’ਚ ਉਨ੍ਹਾਂ ਦੇ ਯੋਗਦਾਨ ਲਈ ਪਦਮ ਭੂਸ਼ਣ ਪ੍ਰਦਾਨ ਕੀਤਾ ਗਿਆ। ਆਸਾਮ ਦੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਵਾਲੇ ਗੋਗੋਈ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂ ਭਾਈ ਪਟੇਲ, ਸਾਬਕਾ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਅਤੇ ਇਸਲਾਮੀ ਵਿਦਵਾਨ ਸਈਦ ਕਲਬੇ ਸਾਦਿਕ ਨੂੰ ਮਰਨ ਉਪਰੰਤ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਪੁਰਸਕਾਰ ਹਾਸਲ ਕੀਤੇ।

ਕਰਨਾਟਕ ਦੇ ਕਵੀ ਅਤੇ ਨਾਟਕਕਾਰ ਚੰਦਰਸ਼ੇਖਰ ਕੰਬਾਰ ਅਤੇ ਗਾਇਕ ਕੇ.ਐੱਨ. ਸ਼ਾਂਤਾ ਕੁਮਾਰੀ ਚਿਤਰਾ ਨੂੰ ਵੀ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ। ਕੁੱਲ 7 ਸ਼ਖਸੀਅਤਾਂ ਨੂੰ ਪਦਮ ਵਿਭੂਸ਼ਣ, 10 ਨੂੰ ਪਦਮ ਭੂਸ਼ਣ ਅਤੇ 101 ਨੂੰ ਪਦਮਸ਼੍ਰੀ ਨਾਲ ਸਨਮਾਨਤ ਕੀਤਾ ਗਿਆ। ਕੁਰੂਕਸ਼ੇਤਰ ਦੇ ਹਿੰਦੀ ਸਾਹਿਤਕਾਰ ਪ੍ਰੋਫੈਸਰ ਜੈ ਭਗਵਾਨ ਗੋਇਲ, ਰਾਜਸਥਾਨ ਦੇ ਮਾਂਗਣਿਆਰ ਲੋਕ ਗਾਇਕ ਲਾਖਾ ਖਾਨ, ਦੇਹਰਾਦੂਨ ਦੇ ਸੀਨੀਅਰ ਆਰਥੋਪੈਡਿਕ ਸਰਜਨ ਭੁਪੇਂਦਰ ਕੁਮਾਰ ਸਿੰਘ ਸੰਜੇ ਅਤੇ ਸ਼੍ਰੀਨਗਰ ਦੇ ਹਿੰਦੀ ਦੇ ਪ੍ਰਸਿੱਧ ਪ੍ਰੋਫੈਸਰ ਅਤੇ ਪੱਤਰਕਾਰ ਚਮਨ ਲਾਲ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ।

ਸਾਬਕਾ ਕੇਂਦਰੀ ਮੰਤਰੀ ਬਿਜੋਏ ਚਕਰਵਰਤੀ, ਰਾਜਸਥਾਨ ਦੇ ਪਾਲੀ ਲੇਖਕ ਅਰਜੁਨ ਸਿੰਘ ਸ਼ੇਖਾਵਤ, ਦਿੱਲੀ ਦੇ ਸਮਾਜਿਕ ਵਰਕਰ ਜਤਿੰਦਰ ਸਿੰਘ ਸ਼ੰਟੀ ਅਤੇ ਪੈਰਾ ਐਥਲੀਟ ਕੇ. ਵਾਈ. ਵੇਂਕਟੇਸ਼ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।


author

Tanu

Content Editor

Related News