ਕੋਰੋਨਾ ’ਤੇ ਸਰਕਾਰ ਦਾ ਰਾਹਤ ਪੈਕੇਜ, ਗਰੀਬਾਂ ਤੇ ਕਿਸਾਨਾਂ ਲਈ ਕੀਤੇ ਕਈ ਵੱਡੇ ਐਲਾਨ
Thursday, Mar 26, 2020 - 01:39 PM (IST)
ਨਵੀਂ ਦਿੱਲੀ : ਮੌਜੂਦਾ ਸਮੇਂ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਚ 'ਚ ਲੈ ਲਿਆ ਹੈ। ਇਸ ਵਿਚਾਲੇ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪ੍ਰੈੱਸ ਕਾਨਫਰੰਸ ਕਰ ਲਾਕਡਾਊਨ ਨਾਲ ਪ੍ਰਭਾਵਿਤ ਗਰੀਬਾਂ ਅਤੇ ਮਜ਼ਦੂਰਾਂ ਲਈ 1 ਲੱਖ 70 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਇਸ ਮੁਸ਼ਕਿਲ ਹਾਲਾਤਾਂ ਵਿਚ ਸਰਕਾਰ ਗਰੀਬਾਂ ਦੀ ਮਦਦ ਲਗਾਤਾਰ ਲਈ ਕੰਮ ਕਰ ਰਹੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੋ ਲੋਕ ਇਸ ਨਾਲ ਲੜ ਰਹੇ ਹਨ ਅਤੇ ਮੈਡੀਕਲ ਸਟਾਫ ਲਈ 50 ਲੱਖ ਦਾ ਜੀਵਨ ਬੀਮਾ ਦਿੱਤਾ ਜਾਵੇਗਾ।
ਸੀਤਾਰਮਣ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਨੂੰ ਲੈ ਕੇ ਲਾਕਡਾਊਨ ਕਾਰਨ ਉਦਯੋਗ ’ਤੇ ਪ੍ਰਭਾਵ ਅਤੇ ਨੌਕਰੀਆਂ ਗੁਆਉਣ ਵਾਲਿਆਂ ਲਈ ਉਤਸ਼ਾਹ ਪੈਕੇਜ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਹਫਤੇ ਵਿੱਤ ਮੰਤਰੀ ਦੀ ਪ੍ਰਧਾਨਗੀ ਵਿਚ ਇਕ ਆਰਥਿਕ ਕਾਰਜਬਲ ਦਾ ਗਠਨ ਕੀਤਾ ਸੀ। ਕਾਰਜਬਲ ਨੂੰ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਅਰਥਵਿਵਸਥਾ ਦੇ ਲਈ ਪੈਕੇਜ ’ਤੇ ਕੰਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਵਿੱਤ ਮੰਤਰੀ ਨੇ ਕੀਤੇ ਇਹ ਐਲਾਨ
- ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ 80 ਕਰੋੜ ਲੋਕਾਂ ਦੀ ਗਿਣਤੀ ਆਉਂਦੀ ਹੈ।
- ਯਕੀਨੀ ਕੀਤਾ ਜਾਵੇਗਾ ਕਿ ਇਕ ਵੀ ਵਿਅਕਤੀ ਬਿਨਾ ਭੋਜਨ ਦੇ ਨਾ ਰਹੇ।
- ਹਰ ਵਿਅਕਤੀ ਨੂੰ 5 ਕਿੱਲੋ ਚੌਲ ਅਤੇ ਕਣਕ ਆਦਿ ਦਿੱਤੀ ਜਾਵੇਗੀ। ਇਹ 3 ਮਹੀਨਿਆਂ ਤਕ ਕੀਤਾ ਜਾਵੇਗਾ।
- ਮੈਡੀਕਲ ਦੇ ਖੇਤਰ ਵਿਚ ਜੋ ਕੰਮ ਕਰ ਰਹੇ ਹਨ ਉਨ੍ਹਾਂ ਨੂੰ 50 ਲੱਖ ਰੁਪਏ ਦਾ ਜੀਵਨ ਬੀਮਾ ਦਿੱਤਾ ਜਾਵੇਗਾ।
- 8 ਕਰੋੜ 70 ਲੱਖ ਕਿਸਾਨਾਂ ਨੂੰ ਮਿਲੇਗਾ ਫਾਇਦਾ, 2 ਹਜ਼ਾਰ ਦੀ ਕਿਸ਼ਤ ਅਪ੍ਰੈਲ ਦੇ ਪਹਿਲੇ ਹਫਤੇ ਟ੍ਰਾਂਸਫਰ ਕੀਤੀ ਜਾਵੇਗੀ।
- ਬੂਜ਼ੁਰਗਾਂ, ਵਿਧਵਾ ਤੇ ਅਪਾਹਜਾਂ ਨੂੰ 3 ਮਹੀਨੇ ਤਕ 1 ਹਜ਼ਾਰ ਰੁਪਏ ਆਦਿ ਮਿਲਣਗੇ।
- ਇਹ 2 ਕਿਸ਼ਤਾਂ ਵਿਚ ਦਿੱਤਾ ਜਾਵੇਗਾ, 3 ਕਰੋੜ ਲੋਕਾਂ ਨੂੰ ਇਸ ਦਾ ਫਾਇਦਾ ਮਿਲੇਗਾ।
ਉੱਜਵਲ ਯੋਜਨਾ ਤਹਿਤ 3 ਮਹੀਨਿਆਂ ਲਈ ਸਿਲੰਡਰ ਮੁਫਤ
- ਮਹਿਲਾ ਜਨ-ਧਨ ਖਾਤਾ ਧਾਰਕਾਂ ਨੂੰ 500 ਰੁਪਏ ਹਰ ਮਹੀਨੇ ਦੀ ਰਾਸ਼ੀ ਅਗਲੇ 3 ਮਹੀਨਿਆਂ ਤਕ ਦਿੱਤੀ ਜਾਵੇਗੀ। ਇਸ ਨਾਲ 20 ਕਰੋੜ ਮਹਿਲਾਵਾਂ ਨੂੰ ਲਾਭ ਮਿਲੇਗਾ।
- ਉੱਜਵਲ ਯੋਜਨਾ ਤਹਿਤ 8 ਕਰੋੜ ਮਹਿਲਾਵਾਂ ਨੂੰ 3 ਮਹੀਨੇ ਤਕ ਮੁਫਤ ਸਿਲੰਡਰ ਦਿੱਤੇ ਜਾਣਗੇ।
- ਮਨਰੇਗਾ ਦੇ ਜ਼ਰੀਏ ਜੋ ਲੋਕ ਆਪਣੇ ਪਰਿਵਾਰ ਨੂੰ ਪਾਲਦੇ ਹਨ, ਉਨ੍ਹਾਂ ਦੀ ਮਜ਼ਦੂਰੀ 182 ਰੁਪਏ ਵਧਾ ਕੇ 202 ਰੁਪਏ ਕਰ ਦਿੱਤੀ ਹੈ।
- ਇਸ ਨਾਲ ਕਰੀਬ 5 ਕਰੋੜ ਲੋਕਾਂ ਨੂੰ ਲਾਭ ਮਿਲੇਗਾ ਅਤੇ ਕਰੀਬ 2000 ਰੁਪਏ ਉਨ੍ਹਾਂ ਦੀ ਆਮਦਨ ’ਚ ਵਾਧਾ ਹੋਵੇਗਾ।
ਇਸ ਤੋਂ ਪਹਿਲਾਂ 24 ਮਾਰਚ ਨੂੰ ਵਿੱਤ ਮੰਤਰੀ ਨੇ ਲੋਕਾਂ ਨੂੰ ਰਾਹਤ ਦਿੰਦਿਆਂ ਵਿੱਤ ਸਾਲ 2019-20 ਦੇ ਲਈ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਆਖਰੀ ਤਾਰੀਖ 30 ਜੂਨ 2020 ਕਰ ਦਿੱਤੀ ਸੀ। ਇਸ ਤੋਂ ਇਲਾਵਾ ਆਧਾਰ ਕਾਰਡ ਅਤੇ ਪੈਨ ਕਾਰਡ ਨੂੰ ਲਿੰਕ ਕਰਨ ਦੀ ਤਾਰੀਖ ਨੂੰ ਵੀ ਵਧਾਉਣ ਦਾ ਵੱਡਾ ਫੈਸਲਾ ਲਿਆ ਸੀ। ਜ਼ਿਕਰਯੋਗ ਹੈ ਕਿ ਚੀਨ ਤੋਂ ਪੈਦਾ ਹੋਇਆ ਕੋਰੋਨਾ ਵਾਇਰਸ ਹੁਣ ਪੂਰੀ ਦੁਨੀਆ ਵਿਚ ਫੈਲ ਚੁੱਕਿਆ ਹੈ। ਭਾਰਤ ਵਿਚ ਹੁਣ ਤਕ 600 ਤੋਂ ਜ਼ਿਆਦਾ ਲੋਕ ਇਸ ਨਾਲ ਪ੍ਰਭਾਵਿ ਹੋ ਚੁੱਕੇ ਹਨ, ਜਿਸ ਵਿਚੋਂ 16 ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 43 ਲੋਕ ਇਸ ਤੋਂ ਠੀਕ ਵੀ ਹੋਏਹਨ।