ਲੜਾਕੂ ਜਹਾਜ਼ ਸੁਖੋਈ ਤੋਂ ਬ੍ਰਹਿਮੋਸ ਦਾ ਸਫਲ ਪ੍ਰੀਖਣ
Thursday, Nov 23, 2017 - 11:53 AM (IST)
ਨਵੀਂ ਦਿੱਲੀ— ਦੁਨੀਆਂ ਦੀ ਸਭ ਤੋਂ ਤੇਜ਼ ਸੁਪਰ ਸੋਨਿਕ ਕਰੂਜ਼ ਮਿਜ਼ਾਈਲ ਬ੍ਰਹਿਮੋਸ ਨੂੰ ਅੱਜ ਹਵਾਈ ਫੌਜ ਦੇ ਮੁੱਖ ਲੜਾਕੂ ਜਹਾਜ਼ ਸੁਖੋਈ-30 ਤੋਂ ਦਾਗਣ ਦਾ ਸਫਲ ਪ੍ਰੀਖਣ ਕੀਤਾ ਗਿਆ। ਇਸ ਦੇ ਨਾਲ ਹੀ ਭਾਰਤ ਨੇ ਦੁਨੀਆਂ ਦੀਆਂ ਸਭ ਤੋਂ ਖਤਰਨਾਕ ਮਿਜ਼ਾਈਲਾਂ 'ਚੋਂ ਇਕ ਬ੍ਰਹਿਮੋਸ ਨੂੰ ਜਲ, ਥਲ ਅਤੇ ਹਵਾ 'ਚ ਸਥਿਤ ਪਲੇਟਫਾਰਮਾਂ ਤੋਂ ਦਾਗਣ ਦੀ ਸਮਰੱਥਾ ਹਾਸਲ ਕਰ ਲਈ। ਰੱਖਿਆ ਮੰਤਰਾਲਾ ਦੇ ਬੁਲਾਰੇ ਅਨੁਸਾਰ ਬ੍ਰਹਿਮੋਸ ਨੂੰ ਹਵਾਈ ਫੌਜ ਦੇ ਲੜਾਕੂ ਬੇੜੇ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ ਸੁਖੋਈ-30 ਜਹਾਜ਼ ਤੋਂ ਬੰਗਾਲ ਦੀ ਖਾੜੀ 'ਚ ਨਿਰਧਾਰਿਤ ਟੀਚੇ 'ਤੇ ਦਾਗਿਆ ਗਿਆ ਅਤੇ ਇਸ ਨੇ ਟੀਚੇ 'ਤੇ ਸਿੱਧਾ ਨਿਸ਼ਾਨਾ ਲਗਾ ਕੇ ਸਫਲਤਾ ਦਾ ਇਤਿਹਾਸ ਰਚ ਦਿੱਤਾ।
ਬ੍ਰਹਿਮੋਸ ਨੂੰ ਲੜਾਕੂ ਜਹਾਜ਼ ਤੋਂ ਪਹਿਲੀ ਵਾਰ ਦਾਗਿਆ ਗਿਆ ਹੈ। ਇਸ ਦੇ ਲਈ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਨੇ ਸੁਖੋਈ ਜਹਾਜ਼ ਵਿਚ ਜ਼ਰੂਰੀ ਫੇਰਬਦਲ ਕੀਤੇ ਸਨ ਜਿਸ ਨਾਲ ਕਿ ਉਹ ਢਾਈ ਟਨ ਦੇ ਵਜ਼ਨ ਦੀ ਇਸ ਬੜੀ ਭਾਰੀ ਮਿਜ਼ਾਈਲ ਨੂੰ ਲਾਂਚ ਕਰ ਸਕੇ। ਇਸ ਸਫਲ ਪ੍ਰੀਖਣ ਨਾਲ ਹਵਾਈ ਫੌਜ ਦੀ ਮਾਰਕ ਸਮੱਰਥਾ ਕਈ ਗੁਣਾ ਵਧ ਗਈ ਹੈ।
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਨੂੰ ਸ਼ਾਨਦਾਰ ਪ੍ਰਾਪਤੀ ਦੱਸਦੇ ਹੋਏ ਰੱਖਿਆ ਖੋਜ ਸੰਗਠਨ ਡੀ. ਆਰ. ਡੀ. ਓ. ਅਤੇ ਬ੍ਰਹਿਮੋਸ ਦੀ ਟੀਮ ਨੂੰ ਵਧਾਈ ਦਿੱਤੀ। ਡੀ. ਆਰ. ਡੀ. ਓ. ਦੇ ਮੁਖੀ ਡਾ. ਐੱਸ. ਕ੍ਰਿਸਟੋਫਰ ਨੇ ਵੀ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈ ਦਿੱਤੀ।
