ਮੰਗੇਤਰ ਨਾਲ ਟ੍ਰੈਕਿੰਗ ਦੌਰਾਨ ਫੋਟੋਆਂ ਖਿੱਚਦੇ ਸਮੇਂ ਖੱਡ ''ਚ ਡਿੱਗਿਆ ਨੌਜਵਾਨ, ਨਵੰਬਰ ''ਚ ਹੋਣਾ ਸੀ ਵਿਆਹ
Friday, Jun 19, 2026 - 01:20 PM (IST)
ਪੁਣੇ- ਪੁਣੇ ਦੀ ਮਾਵਲ ਤਹਿਸੀਲ ਦੇ ਲੋਹਗੜ੍ਹ ਕਿਲ੍ਹੇ 'ਚ ਆਪਣੀ ਮੰਗੇਤਰ ਨਾਲ ਟ੍ਰੈਕਿੰਗ ਦੌਰਾਨ ਫੋਟੋਆਂ ਖਿੱਚਦੇ ਸਮੇਂ ਖੱਡ 'ਚ ਡਿੱਗਣ ਨਾਲ ਇਕ 26 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗਹੁੰਜੇ ਦਾ ਰਹਿਣ ਵਾਲਾ ਕੇਤਨ ਵਿਸ਼ਾਲ ਅਗਰਵਾਲ ਆਪਣੇ ਪਰਿਵਾਰ ਦੇ ਰੀਅਲ ਅਸਟੇਟ ਕਾਰੋਬਾਰ 'ਚ ਡਾਇਰੈਕਟਰ ਸੀ ਅਤੇ ਨਵੰਬਰ 'ਚ ਉਸ ਦਾ ਵਿਆਹ ਹੋਣ ਵਾਲਾ ਸੀ। ਪੁਲਸ ਦੇ ਅਨੁਸਾਰ, ਅਗਰਵਾਲ ਵੀਰਵਾਰ ਸਵੇਰੇ ਆਪਣੀ ਮੰਗੇਤਰ ਅਤੇ 2 ਦੋਸਤਾਂ ਨਾਲ ਆਪਣਾ ਜਨਮਦਿਨ ਮਨਾਉਣ ਲਈ ਕਿਲ੍ਹੇ 'ਤੇ ਗਿਆ ਸੀ। ਸਵੇਰੇ 10:30 ਵਜੇ ਦੇ ਕਰੀਬ, ਫੋਟੋਆਂ ਖਿੱਚਦੇ ਸਮੇਂ, ਉਹ ਇਕ ਚੱਟਾਨ ਦੇ ਨੇੜੇ ਫਿਸਲ ਗਿਆ ਅਤੇ ਲਗਭਗ 400 ਫੁੱਟ ਹੇਠਾਂ ਖੱਡ 'ਚ ਡਿੱਗ ਗਿਆ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ।
ਲੋਨਾਵਲਾ ਗ੍ਰਾਮੀਣ ਥਾਣੇ ਦੇ ਇੰਸਪੈਕਟਰ ਦਿਨੇਸ਼ ਤਾਇਡੇ ਨੇ ਦੱਸਿਆ ਕਿ ਘਟਨਾ ਦੇ ਸਮੇਂ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਉਨ੍ਹਾਂ ਕਿਹਾ,''ਅਗਰਵਾਲ ਦਾ ਵਿਆਹ ਨਵੰਬਰ 'ਚ ਤੈਅ ਸੀ ਅਤੇ ਪਤਾ ਲੱਗਾ ਹੈ ਕਿ ਪਰਿਵਾਰ ਵਾਲਿਆਂ ਨੇ ਵਿਆਹ ਲਈ ਰਾਜਸਥਾਨ ਦੇ ਉਦੇਪੁਰ 'ਚ ਇਕ ਮਹਿਲ ਬੁੱਕ ਕੀਤਾ ਸੀ।'' ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਸ ਅਤੇ ਸ਼ਿਵਦੁਰਗ ਮਿੱਤਰ ਐਮਰਜੈਂਸੀ ਬਚਾਅ ਦਲ ਦੇ ਮੈਂਬਰਾਂ ਨੇ ਕਠਿਨ ਅਤੇ ਸੰਘਣੀਆਂ ਝਾੜੀਆਂ ਵਿਚੋਂ ਲਾਸ਼ ਨੂੰ ਬਾਹਰ ਕੱਢਣ ਲਈ ਤਿੰਨ ਘੰਟਿਆਂ ਤੱਕ ਮੁਹਿੰਮ ਚਲਾਈ। ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਅਚਾਨਕ ਹੋਈ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
