ਪਿਤਾ ਨੇ ਜਸ਼ਨ ''ਚ ਚਲਾਈ ਗੋਲੀ, ਪੁੱਤਰ ਦੀ ਮੌਤ

Sunday, Jan 06, 2019 - 10:43 AM (IST)

ਪਿਤਾ ਨੇ ਜਸ਼ਨ ''ਚ ਚਲਾਈ ਗੋਲੀ, ਪੁੱਤਰ ਦੀ ਮੌਤ

ਨਵੀਂ ਦਿੱਲੀ (ਭਾਸ਼ਾ)— ਪੂਰਬੀ-ਉੱਤਰ ਦਿੱਲੀ ਦੇ ਨਿਊ ਉਸਮਾਨਪੁਰ ਵਿਚ 42 ਸਾਲ ਦੇ ਇਕ ਸ਼ਖਸ ਨੇ ਜਸ਼ਨ ਵਿਚ ਗੋਲੀ ਚਲਾਈ ਜੋ ਉਸ ਦੇ ਹੀ ਨਾਬਾਲਗ ਪੁੱਤਰ ਨੂੰ ਜਾ ਲੱਗੀ ਅਤੇ ਉਸ ਦੀ ਮੌਤ ਹੋ ਗਈ। ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੰਦੇ ਹੋਏ ਸ਼ਨੀਵਾਰ ਨੂੰ ਦੱਸਿਆ ਕਿ ਦੋਸ਼ੀ ਦੀ ਪਛਾਣ ਯਾਸੀਨ ਦੇ ਤੌਰ 'ਤੇ ਹੋਈ ਹੈ। ਪੁਲਸ ਨੇ ਦੱਸਿਆ ਕਿ 31 ਦਸੰਬਰ ਨੂੰ ਨਿਊ ਉਸਮਾਨਪੁਰ ਥਾਣੇ ਵਿਚ ਮੁੰਡੇ ਨੂੰ ਗੋਲੀ ਲੱਗਣ ਦੀ ਘਟਨਾ ਦੀ ਜਾਣਕਾਰੀ ਮਿਲੀ ਸੀ। ਇਹ ਹਵਾਈ ਫਾਇਰਿੰਗ ਨਵੇਂ ਸਾਲ ਦੇ ਜਸ਼ਨ ਦੌਰਾਨ ਕੀਤੀ ਗਈ ਸੀ। 

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਸ਼ਨ ਵਿਚ ਕੀਤੀ ਗਈ ਹਵਾਈ ਫਾਇਰਿੰਗ ਵਿਚ 8 ਸਾਲ ਦੇ ਬੱਚੇ ਰੇਹਾਨ ਦੀ ਸੱਜੀ ਗਲ੍ਹ 'ਤੇ ਗੋਲੀ ਲੱਗ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ। ਪੁਲਸ ਡਿਪਟੀ ਕਮਿਸ਼ਨਰ ਅਤੁਲ ਕੁਮਾਰ ਠਾਕੁਰ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਕਿ ਗੋਲੀ ਮ੍ਰਿਤਕ ਦੇ ਪਿਤਾ ਯਾਸੀਨ ਨੇ ਹੀ ਚਲਾਈ ਸੀ। ਸ਼ਨੀਵਾਰ ਨੂੰ ਯਾਸੀਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਬਾਅਦ ਵਿਚ ਗੁਨਾਹ ਸਵੀਕਾਰ ਕਰਲਿਆ ਅਤੇ ਦੱਸਿਆ ਕਿ ਉਸ ਨੇ ਉੱਤਰ ਪ੍ਰਦੇਸ਼ ਦੇ ਲੋਨੀ ਵਾਸੀ ਰਵੀ ਕਸ਼ਯਪ ਤੋਂ ਬੰਦੂਕ ਖਰੀਦੀ ਸੀ। ਉਸ ਨੇ ਜਸ਼ਨ ਦੇ ਮਾਹੌਲ 'ਚ ਹਵਾ ਵਿਚ ਗੋਲੀ ਚਲਾਈ ਸੀ ਪਰ ਬਦਕਿਸਮਤੀ ਨਾਲ ਗੋਲੀ ਉੱਥੇ ਮੌਜੂਦ ਉਸ ਦੇ ਹੀ ਪੁੱਤਰ ਨੂੰ ਲੱਗ ਗਈ। ਪੁਲਸ ਨੇ ਦੱਸਿਆ ਕਿ ਕਸ਼ਯਪ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹਥਿਆਰ ਵੀ ਬਰਾਮਦ ਹੋ ਗਿਆ ਹੈ।


author

Tanu

Content Editor

Related News