ਕਿਸਾਨ 2022 ਦੀਆਂ ਵਿਧਾਨ ਸਭਾ ਚੋਣਾਂ ''ਚ ਸੋਚ ਸਮਝ ਕੇ ਕਰਨਗੇ ਫ਼ੈਸਲਾ : ਨਰੇਸ਼ ਟਿਕੈਤ
Friday, Jun 25, 2021 - 04:37 PM (IST)

ਮੇਰਠ- ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਰਾਸ਼ਟਰੀ ਪ੍ਰਧਾਨ ਨਰੇਸ਼ ਟਿਕੈਤ ਨੇ ਮੇਰਠ ਤੋਂ ਦਿੱਲੀ ਦੇ ਗਾਜੀਪੁਰ ਬਾਰਡਰ ਲਈ ਕਿਸਾਨ ਟਰੈਕਟਰ ਰੈਲੀ ਦੀ ਸ਼ੁਰੂਆਤ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣੀ ਮੰਗ ਮੰਨੇ ਜਾਣ ਤੱਕ 'ਘਰ ਵਾਪਸੀ' ਨਹੀਂ ਕਰਨਗੇ ਅਤੇ ਹੁਣ 2022 ਦੀਆਂ ਚੋਣਾਂ 'ਚ ਵੀ ਸੋਚ ਸਮਝ ਕੇ ਫ਼ੈਸਲਾ ਲੈਣਗੇ। ਮੇਰਠ ਦੇ ਸਿਵਾਯਾ ਟੋਲ ਪਲਾਜ਼ਾ ਤੋਂ ਕਿਸਾਨ ਟਰੈਕਟਰ ਯਾਤਰਾ ਦੇ ਦਿੱਲੀ ਦੇ ਗਾਜੀਪੁਰ ਬਾਰਡਰ ਰਵਾਨਾ ਹੋਣ ਤੋਂ ਪਹਿਲਾਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਟਿਕੈਤ ਨੇ ਕਿਹਾ,''ਕਿਸਾਨ ਆਪਣੀਆਂ ਮੰਗਾਂ ਮੰਨੇ ਜਾਣ ਤੱਕ ਘਰ ਵਾਪਸੀ ਨੂੰ ਤਿਆਰ ਨਹੀਂ ਹਨ। ਖੇਤੀ ਕਾਨੂੰਨਾਂ ਦੀ ਵਾਪਸੀ ਲਈ ਕਿਸਾਨਾਂ ਨੇ ਕਰੋ ਜਾਂ ਮਰੋ ਦਾ ਸੰਕਲਪ ਲਿਆ ਹੈ ਅਤੇ ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਰਹਿਣਗੇ।
ਉੱਤਰ ਪ੍ਰਦੇਸ਼ ਦੀ ਆਉਣ ਵਾਲੀਆਂ ਚੋਣਾਂ ਦੇ ਸੰਦਰਭ 'ਚ ਉਨ੍ਹਾਂ ਕਿਹਾ,''ਕਿਸਾਨ ਹੁਣ 2022 ਦੀਆਂ ਚੋਣਾਂ 'ਚ ਵੀ ਸੋਚ ਸਮਝ ਕੇ ਫ਼ੈਸਲਾ ਕਰਨਗੇ। ਅੰਦੋਲਨ ਜਾਰੀ ਰਹੇਗਾ ਅਤੇ ਗਾਜੀਪੁਰ ਬਾਰਡਰ 'ਤੇ 26 ਜੂਨ ਨੂੰ ਹੋਣ ਵਾਲੀ ਕਿਸਾਨ ਮਹਾਪੰਚਾਇਤ 'ਚ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ।'' ਇਸ ਦੌਰਾਨ ਕਿਸਾਨਾਂ ਦੀ ਟਰੈਕਟਰ ਯਾਤਰਾ ਕਾਰਨ ਕਈ ਮਾਰਗਾਂ ਨੂੰ ਆਵਾਜਾਈ ਵਿਵਸਥਾ ਪ੍ਰਭਾਵਿਤ ਹੋ ਗਈ ਅਤੇ ਮੋਦੀਪੁਰਮ, ਕੰਕਰਖੇੜਾ, ਬਾਗਪਤ ਬਾਈਪਾਸ ਤੋਂ ਪਰਤਾਪੁਰ ਤੱਕ ਲੰਬਾ ਜਾਮ ਲੱਗ ਗਿਆ।