ਕਿਸਾਨਾਂ ਦਾ ਐਲਾਨ- ਅੰਦੋਲਨ ਦੇ 7 ਮਹੀਨੇ ਪੂਰੇ ਹੋਣ ਮੌਕੇ 26 ਜੂਨ ਨੂੰ ਰਾਜ ਭਵਨ ’ਤੇ ਕਰਨਗੇ ਪ੍ਰਦਰਸ਼ਨ
Saturday, Jun 12, 2021 - 09:55 AM (IST)
ਸੋਨੀਪਤ (ਦੀਕਸ਼ਤ)- ਸੰਯੁਕਤ ਕਿਸਾਨ ਮੋਰਚਾ ਨੇ ਹੁਣ ਨਵਾਂ ਐਲਾਨ ਕੀਤਾ ਹੈ ਕਿ ਹਰਿਆਣਾ ਵਿਚ ਜਜਪਾ-ਭਾਜਪਾ ਨੇਤਾਵਾਂ ਲਈ ਪਿੰਡਬੰਦੀ ਕੀਤੀ ਜਾਵੇਗੀ। ਆਗੂਆਂ ਨੂੰ ਆਪਣੇ ਪਿੰਡਾਂ ਦੇ ਇਲਾਵਾ ਕਿਸੇ ਹੋਰ ਪਿੰਡ ਵਿਚ ਵੜਨ ਨਾ ਦੇਣ ਦੀ ਅਪੀਲ ਕੀਤੀ ਹੈ। ਉਧਰ ਕਿਸਾਨ 26 ਜੂਨ ਨੂੰ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ’ਤੇ ਰਾਜ ਭਵਨ ’ਤੇ ਪ੍ਰਦਰਸ਼ਨ ਕਰਨ ਲਈ ਰਾਸ਼ਟਰਪਤੀ ਦੇ ਨਾਂ ਮੰਗ-ਪੱਤਰ ਸੌਂਪਣਗੇ। ਇਸ ਲਈ ਕਿਸਾਨ ਕਿਸੇ ਤਰ੍ਹਾਂ ਦੀ ਇਜਾਜ਼ਤ ਵੀ ਨਹੀਂ ਲੈਣਗੇ। ਸੰਯੁਕਤ ਕਿਸਾਨ ਮੋਰਚਾ ਦੀ ਸ਼ੁੱਕਰਵਾਰ ਨੂੰ ਕੁੰਡਲੀ ਬਾਰਡਰ ਧਰਨੇ ਵਾਲੀ ਜਗ੍ਹਾ ’ਤੇ ਬੈਠਕ ਹੋਈ, ਜਿਸ ਤੋਂ ਬਾਅਦ ਕਾਮਰੇਡ ਇੰਦਰਜੀਤ ਸਿੰਘ, ਮਨਜੀਤ ਰਾਏ, ਸੁਮਨ ਹੁੱਡਾ, ਵਿਕਾਸ ਜੰਗ, ਬੀਰ ਚੌਹਾਨ, ਧਰਮਿੰਦਰ ਮਲਿਕ, ਰਵੀ ਆਜ਼ਾਦ ਨੇ ਕਿਹਾ ਕਿ 24 ਜੂਨ ਨੂੰ ਸੰਤ ਕਬੀਰ ਜੀ ਦੀ ਜੈਅੰਤੀ ਮਨਾਈ ਜਾਵੇਗੀ ਅਤੇ ਉਸ ਲਈ ਪਛੜਿਆ ਵਰਗ ਅਤੇ ਦਲਿਤ ਸਮਾਜ ਦੇ ਲੋਕਾਂ ਨੂੰ ਧਰਨੇ ਵਾਲੀ ਜਗ੍ਹਾ ’ਤੇ ਬੁਲਾਇਆ ਜਾਵੇਗਾ।
26 ਜੂਨ ਨੂੰ ‘ਖੇਤੀ ਬਚਾਓ, ਲੋਕਤੰਤਰ ਬਚਾਓ’ ਦਿਵਸ ਮਨਾਇਆ ਜਾਵੇਗਾ, ਜਿਸ ਤਹਿਤ ਸਾਰੇ ਸੂਬਿਆਂ ਦੇ ਰਾਜ ਭਵਨਾਂ ’ਤੇ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਰਾਸ਼ਟਰਪਤੀ ਦੇ ਨਾਂ ਮੰਗ-ਪੱਤਰ ਸੌਂਪੇ ਜਾਣਗੇ। ਕਿਸਾਨ ਨੇਤਾਵਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਔਰਤਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ, ਉਸ ਨੂੰ ਦੇਖਦੇ ਹੋਏ ਸ਼ਨੀਵਾਰ ਤੱਕ ਮਹਿਲਾ ਕਮੇਟੀ ਦਾ ਗਠਨ ਕਰ ਦਿੱਤਾ ਜਾਵੇਗਾ ਅਤੇ ਉਸ ਦਾ ਨੰਬਰ ਜਨਤਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਜਪਾ ਅਤੇ ਭਾਜਪਾ ਦੇ ਨੇਤਾਵਾਂ ਦਾ ਵਿਰੋਧ ਜਾਰੀ ਰੱਖਿਆ ਜਾਵੇਗਾ ਅਤੇ ਉਸ ਲਈ ਪਿੰਡਬੰਦੀ ਕੀਤੀ ਜਾਵੇਗੀ, ਜਿਸ ਲਈ ਪਿੰਡਾਂ ਵਿਚ ਅਭਿਆਨ ਚਲਾਇਆ ਜਾਵੇਗਾ ਅਤੇ ਲੋਕਾਂ ਨੂੰ ਨੇਤਾਵਾਂ ਨੂੰ ਵਿਆਹ ਅਤੇ ਹੋਰ ਕਿਸੇ ਵੀ ਨਿੱਜੀ ਪ੍ਰੋਗਰਾਮ ਵਿਚ ਨਾ ਬੁਲਾਉਣ ਦੀ ਅਪੀਲ ਕੀਤੀ ਜਾਵੇਗੀ। ਇਹ ਜ਼ਰੂਰ ਹੈ ਕਿ ਸ਼ਹਿਰ ਵਿਚ ਨਿੱਜੀ ਪ੍ਰੋਗਰਾਮ ਵਿਚ ਜਾਣ ’ਤੇ ਨੇਤਾਵਾਂ ਦਾ ਵਿਰੋਧ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਯੂ. ਪੀ. ਅਤੇ ਉਤਰਾਖੰਡ ਵਿਚ ਅੰਦੋਲਨ ਤੇਜ਼ ਕਰਨ ਦੀ ਰਣਨੀਤੀ ਬਣਾਈ ਗਈ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ’ਤੇ ਭਾਵੇਂ ਕੋਈ ਵੀ ਮੁਕੱਦਮਾ ਦਰਜ ਕੀਤਾ ਜਾਵੇ ਪਰ ਉਹ ਡਰਨ ਵਾਲੇ ਨਹੀਂ ਅਤੇ ਉਨ੍ਹਾਂ ਦਾ ਅੰਦੋਲਨ ਲਗਾਤਾਰ ਵਧਦਾ ਜਾਵੇਗਾ।
ਗ੍ਰਹਿ ਮੰਤਰੀ ਅਨਿਲ ਵਿੱਜ ਦੇ ਬਿਆਨ ਨੂੰ ਦੱਸਿਆ ਸਰਕਾਰ ਦੀ ਹਾਰ
ਕਿਸਾਨ ਆਗੂਆਂ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਕਿਸਾਨਾਂ ਨੂੰ ਲੈ ਕੇ ਬਿਆਨ ਦੀ ਨਿੰਦਾ ਕਰਦੇ ਹੋਏ ਰੋਸ ਜਤਾਇਆ ਅਤੇ ਕਿਹਾ ਕਿ ਇਸ ਤਰ੍ਹਾਂ ਨਾਲ ਸਰਕਾਰ ਦੀ ਹਾਰ ਦਾ ਪਤਾ ਲੱਗਦਾ ਹੈ ਅਤੇ ਉਹ ਸਿਰਫ਼ ਕਿਸਾਨਾਂ ਨੂੰ ਭੜਕਾਉਣਾ ਚਾਹੁੰਦੇ ਹਨ। ਇਸ ਤਰ੍ਹਾਂ ਦੇ ਬਿਆਨ ਨਾਲ ਕੁਝ ਨਹੀਂ ਹੋਣ ਵਾਲਾ ਅਤੇ ਅੰਦੋਲਨ ਅੱਗੇ ਤੇਜ਼ ਹੋ ਜਾਵੇਗਾ।