ਸੀਮੈਂਟ ਦੇ ਬੈਰੀਕੇਟ ਚੁੱਕ ਕੇ ਹੀ ਲੈ ਗਏ ਕਿਸਾਨ, ਦੇਖੋ ਬਾਰਡਰ 'ਤੇ ਕੀ ਬਣੇ ਹਾਲਾਤ! (ਵੀਡੀਓ)
Tuesday, Feb 13, 2024 - 03:10 PM (IST)
ਹਰਿਆਣਾ- ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਸ਼ੰਭੂ ਬਾਰਡਰ 'ਤੇ ਰੋਕਣ ਪੁਲਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ। ਇਸ ਵਿਚਕਾਰ ਇਸ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਪੁਲਸ ਵੱਲੋਂ ਬੈਰੀਕੇਡਿੰਗ ਲਈ ਲਗਾਏ ਗਏ ਵੱਡੇ-ਵੱਡੇ ਪੱਥਰਾਂ ਨੂੰ ਕਿਸਾਨ ਖਿਡੌਣਿਆਂ ਵਾਂਗੂ ਚੁੱਕ ਕੇ ਪਰੇ ਸੁੱਟ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਵੀ ਬੈਰੀਕੇਡਿੰਗ ਦਿੱਲੀ ਜਾਣ ਤੋਂ ਨਹੀਂ ਰੋਕ ਸਕਦੀ।
ਦੱਸ ਦੇਈਆਂ ਕਿ ਦਿੱਲੀ ਕੂਚ ਲਈ ਵੱਡੀ ਗਿਣਤੀ 'ਚ ਕਿਸਾਨ ਸ਼ੰਭੂ ਬਾਰਡਰ 'ਤੇ ਇਕੱਠੇ ਹੋ ਰਹੇ ਹਨ। ਕਿਸਾਨਾਂ ਵਲੋਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਹਰਿਆਣਾ ਪੁਲਸ ਵਲੋਂ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ। ਹੰਝੂ ਗੈਸ ਦੇ ਗੋਲੇ ਡਿੱਗਦੇ ਹੀ ਕਿਸਾਨ ਖੇਤਾਂ ਵੱਲ ਨੂੰ ਦੌੜ ਪਏ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸ਼ੰਭੂ ਬਾਰਡਰ ਕੋਲ ਵੀ ਕੁਝ ਕਿਸਾਨਾਂ ਨੂੰ ਹਿਰਾਸਤ 'ਚ ਲਿਆ ਗਿਆ। ਕਈ ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਨਾਲ ਸਵੇਰੇ ਕਰੀਬ 10 ਵਜੇ ਫਤਿਹਗੜ੍ਹ ਸਾਹਿਬ ਤੋਂ ਮਾਰਚ ਸ਼ੁਰੂ ਕੀਤਾ ਅਤੇ ਸ਼ੰਭੂ ਬਾਰਡਰ ਦੇ ਰਸਤੇ ਦਿੱਲੀ ਵੱਲ ਵੱਧ ਰਹੇ ਹਨ। ਫਤਿਹਗੜ੍ਹ ਸਾਹਿਬ ਅਤੇ ਸ਼ੰਭੂ ਸਰਹੱਦ ਵਿਚਾਲੇ ਦੂਰੀ ਲਗਭਗ 35-40 ਕਿਲੋਮੀਟਰ ਹੈ। ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੇ ਕਾਫ਼ਲੇ ਨੂੰ ਰਾਸ਼ਟਰੀ ਰਾਜਮਾਰਗ 'ਤੇ ਸ਼ੰਭੂ ਬਾਰਡਰ ਵੱਲ ਜਾਂਦੇ ਦੇਖਿਆ ਜਾ ਸਕਦਾ ਹੈ। ਟਰੈਕਟਰ ਟਰਾਲੀਆਂ 'ਤੇ ਬਜ਼ੁਰਗ, ਨੌਜਵਾਨ ਅਤੇ ਔਰਤਾਂ ਬੈਠੀਆਂ ਨਜ਼ਰ ਆਈਆਂ।