ਕੇਂਦਰ ਅਤੇ ਕਿਸਾਨਾਂ ਵਿਚਾਲੇ ਨਹੀਂ ਬਣੀ ਗੱਲ, ਅੱਜ ਰਾਸ਼ਟਰਪਤੀ ਭਵਨ ਤੱਕ ‘ਮਾਰਚ’ ਕਰਨਗੇ ਰਾਹੁਲ
Thursday, Dec 24, 2020 - 10:37 AM (IST)
ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਦਿੱਲੀ ਦੀਆਂ ਸੜਕਾਂ ’ਤੇ ਡਟੇ ਅੱਜ ਯਾਨੀ ਕਿ ਵੀਰਵਾਰ ਨੂੰ 29 ਦਿਨ ਹੋ ਗਏ ਹਨ। ਸਰਕਾਰ ਵਲੋਂ ਭੇਜੇ ਗਏ ਸੱਦੇ ਪੱਤਰ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਗੱਲਬਾਤ ਕਰਨੀ ਹੈ ਤਾਂ ਖੁੱਲ੍ਹੇ ਮਨ ਨਾਲ ਗੱਲਬਾਤ ਲਈ ਬੁਲਾਓ। ਲਿਖਤੀ ਰੂਪ ਵਿਚ ਠੋਸ ਤਜਵੀਜ਼ਾਂ ਭੇਜੀਆਂ ਜਾਣ, ਤਾਂ ਕਿ ਗੱਲਬਾਤ ਦੀ ਪ੍ਰਕਿਰਿਆ ਨੂੰ ਅੱਗੇ ਤੋਰਿਆ ਜਾ ਸਕੇ। ਸਰਕਾਰ ਬਿਨਾਂ ਸ਼ਰਤ ’ਤੇ ਗੱਲਬਾਤ ਲਈ ਬੁਲਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਤਿੰਨੋਂ ਖੇਤੀ ਕਾਨੂੰਨਾਂ ’ਚ ਸੋਧ ਨੂੰ ਮਨਜ਼ੂਰ ਨਹੀਂ ਕਰਦੇ, ਇਹ ਕਾਨੂੰਨ ਰੱਦ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਇਸ ਤਾਰੀਖ਼ ਨੂੰ 9 ਕਰੋੜ ਕਿਸਾਨਾਂ ਨੂੰ ਸੰਬੋਧਨ ਕਰਨਗੇ PM ਮੋਦੀ
ਉੱਥੇ ਹੀ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਇਕ ਵਾਰ ਫਿਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ। ਕਰੀਬ ਦੋ ਕਰੋੜ ਕਿਸਾਨਾਂ ਦੇ ਦਸਤਖ਼ਤ ਵਾਲੀ ਚਿੱਠੀ ਰਾਸ਼ਟਰਪਤੀ ਨੂੰ ਸੌਂਪ ਕੇ ਕਾਨੂੰਨ ਵਾਪਸੀ ਦੀ ਅਪੀਲ ਕਰਨਗੇ। ਰਾਹੁਲ ਗਾਂਧੀ ਕਿਸਾਨਾਂ ਦੇ ਸਮਰਥਨ ’ਚ ਵਿਜੇ ਚੌਕ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਮਾਰਚ ਕਰਨਗੇ। ਰਾਹੁਲ ਗਾਂਧੀ ਦੀ ਅਗਵਾਈ ਵਿਚ ਹੋਰ ਕਾਂਗਰਸੀ ਨੇਤਾ ਵੀ ਇਸ ਮਾਰਚ ’ਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ- ਕੇਂਦਰ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਦਾ ਠੋਕਵਾਂ ਜਵਾਬ, ਗੱਲਬਾਤ ਲਈ ਲਿਖਤੀ ’ਚ ਠੋਸ ਤਜਵੀਜ਼ਾਂ ਭੇਜੋ
ਕਾਂਗਰਸ ਨੇਤਾ ਕੇ. ਸੀ. ਵੇਣੂਗੋਪਾਲ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ‘ਖੇਤੀ ਵਿਰੋਧੀ ਕਾਨੂੰਨ’ ਬਣਾ ਕੇ ਕਿਸਾਨਾਂ ਨੂੰ ਦਰਦ ਦਿੱਤਾ ਹੈ ਅਤੇ ਹੁਣ ਜਦੋਂ ਅੰਨਦਾਤਾ ਧਰਨੇ ’ਤੇ ਬੈਠੇ ਹੋਏ ਹਨ, ਤਾਂ ਉਨ੍ਹਾਂ ਦੀ ਗੱਲ ਨਾ ਸੁਣ ਕੇ ਉਨ੍ਹਾਂ ਨੂੰ ਅਪਮਾਨਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਰਾਸ਼ਟਰਵਿਆਪੀ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਸੀ, ਇਸ ’ਤੇ ਹੁਣ ਕਰੀਬ ਦੋ ਕਰੋੜ ਲੋਕਾਂ ਦੇ ਦਸਤਖ਼ਤ ਲਏ ਗਏ ਹਨ। ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਹੁਣ ਵੀ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਹੈ। ਕਿਸਾਨਾਂ ਦਾ ਇਹ ਫ਼ੈਸਲਾ ਉਦੋਂ ਆਇਆ ਹੈ, ਜਦੋਂ 25 ਦਸੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਹਜ਼ਾਰਾਂ ਕਿਸਾਨਾਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੇ ਖਾਤੇ ਵਿਚ ਖੇਤੀ ਸਨਮਾਨ ਨਿਧੀ ਯੋਜਨਾ ਦੀ ਕਿਸ਼ਤ ਭੇਜਣਗੇ।
ਨੋਟ: ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਰਾਹੁਲ ਦੇ ਮਾਰਚ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕੁਮੈਂਟ ਬਾਕਸ ’ਚ ਦਿਓ ਜਵਾਬ