ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦੇ ਡੇਰੇ, ਕਿਸਾਨ ਅੰਦੋਲਨ ’ਤੇ ਬਰਸ ਰਹੀ ‘ਗੁਰੂ ਘਰ ਦੀ ਕਿਰਪਾ’

Wednesday, Jan 13, 2021 - 12:06 PM (IST)

ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦੇ ਡੇਰੇ, ਕਿਸਾਨ ਅੰਦੋਲਨ ’ਤੇ ਬਰਸ ਰਹੀ ‘ਗੁਰੂ ਘਰ ਦੀ ਕਿਰਪਾ’

ਸਿੰਘੂ/ਟਿਕਰੀ ਬਾਰਡਰ (ਅਸ਼ਵਨੀ)– ਦਿੱਲੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ’ਤੇ ਗੁਰੂ ਘਰ ਦੀ ਕਿਰਪਾ ਬਰਸ ਰਹੀ ਹੈ। ਦਿੱਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਤੋਂ ਲੰਗਰ ਰੂਪੀ ਪ੍ਰਸਾਦ ਤੋਂ ਲੈ ਕੇ ਰੈਣ ਬਸੇਰਾ, ਗੀਜ਼ਰ, ਮੈਡੀਕਲ ਕੈਂਪ ਤੱਕ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਸਭ ਦਿੱਲੀ ਗੁਰਦੁਆਰਾ ਕਮੇਟੀ ਦੀ ਦੇਖ-ਰੇਖ ਵਿਚ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ 26 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗਰਾਮ ਦੇ ਪਹਿਲੇ ਦਿਨ ਤੋਂ ਲੈ ਕੇ ਕਮੇਟੀ ਦੇ ਅਹੁਦੇਦਾਰ ਸਾਰੀਆਂ ਅੜਚਨਾਂ ਤੋਂ ਬਾਅਦ ਵੀ ਲਗਾਤਾਰ ਕਿਸਾਨਾਂ ਲਈ ਲੰਗਰ ਲੈ ਕੇ ਸਿੰਘੂ ਅਤੇ ਗਾਜ਼ੀਪੁਰ ਬਾਰਡਰ ’ਤੇ ਪਹੁੰਚ ਰਹੇ ਹਨ। ਇਹ ਸੇਵਾ ਭਾਵ ਸਿਰਫ਼ ਲੰਗਰ ਤੱਕ ਹੀ ਸੀਮਤ ਨਹੀਂ ਹੈ। ਅਹੁਦੇਦਾਰ ਕਿਸਾਨਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਸਹੂਲਤਾਂ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਕਮੇਟੀ ਮੈਂਬਰਾਂ ਨੇ ਉਨ੍ਹਾਂ ਕਿਸਾਨਾਂ ਦੀ ਮਦਦ ਲਈ ਵੀ ਹੱਥ ਵਧਾਇਆ, ਜਿਨ੍ਹਾਂ ਨੂੰ ਰਾਹ ਵਿਚ ਪੁਲਸ ਨੇ ਰੋਕਿਆ।

ਦਿੱਲੀ ਬਾਰਡਰ ’ਤੇ ਲੰਗਰ ਦੀ ਸੇਵਾ ਕਰਦੇ ਲੋਕ

PunjabKesari

‘ਤਾਲਾਬੰਦੀ ’ਚ ਵੀ ਰੋਜ਼ਾਨਾ 2 ਲੱਖ ਜ਼ਰੂਰਤਮੰਦਾਂ ਦੀ ਸੇਵਾ ਦਾ ਰਿਕਾਰਡ ਬਣਾਇਆ’
ਕਮੇਟੀ ਨੇ ਉਨ੍ਹਾਂ ਕਿਸਾਨਾਂ ਦੀ ਮਦਦ ਲਈ ਵੀ ਹੱਥ ਵਧਾਇਆ, ਜਿਨ੍ਹਾਂ ਨੂੰ ਕਿਸਾਨ ਅੰਦੋਲਨ ਵਾਲੀ ਜਗ੍ਹਾ ਤੱਕ ਪਹੁੰਚਣ ਤੋਂ ਰੋਕਿਆ ਗਿਆ। ਇਸ ਦੀ ਕਮਾਨ ਖੁਦ ਮਨਜਿੰਦਰ ਸਿੰਘ ਸਿਰਸਾ ਨੇ ਸਾਂਭੀ। ਉਨ੍ਹਾਂ ਮੁਤਾਬਕ ਜਦੋਂ ਵੀ ਕਿਸਾਨਾਂ ਨੂੰ ਰੋਕਣ ਦੀ ਸੂਚਨਾ ਮਿਲੀ, ਖੁਦ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਮਾਰਗ ਖੁੱਲ੍ਹਵਾਇਆ। ਇਸ ਦੌਰਾਨ ਉਤਰਾਖੰਡ, ਉੱਤਰ ਪ੍ਰਦੇਸ਼, ਰਾਜਸਥਾਨ ਜਾਂ ਹਰਿਆਣਾ ਪੁਲਸ ਨਾਲ ਸਾਹਮਣਾ ਵੀ ਹੋਇਆ ਪਰ ਅਹੁਦੇਦਾਰਾਂ ਨੇ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਸੰਵਿਧਾਨਕ ਅਧਿਕਾਰ ਹੈ, ਜਿਸ ਨੂੰ ਕੁਚਲਿਆ ਨਹੀਂ ਜਾ ਸਕਦਾ ਹੈ। ਇਸ ਲਈ ਕਮੇਟੀ ਕਿਸੇ ਵੀ ਕਿਸਾਨ ਨੂੰ ਅੰਦੋਲਨ ਤੱਕ ਪਹੁੰਚਣ ਵਿਚ ਪੂਰੀ ਮਦਦ ਕਰੇਗੀ, ਭਾਵੇਂ ਹੀ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਹੀ ਕਿਉਂ ਨਾ ਝੱਲਣੀ ਪਏ। ਇਸ ਦੇ ਚਲਦੇ ਕਮੇਟੀ ਦੇ ਮੈਂਬਰਾਂ ਨੇ ਕਈ ਜਗ੍ਹਾ ਪੁਲਸ ਬੈਰੀਕੇਡ ਵੀ ਤੋੜੇ ਅਤੇ ਕਿਸਾਨਾਂ ਨੂੰ ਮੌਕੇ ’ਤੇ ਹੀ ਦੂਰ-ਦਰਾਜ ਇਲਾਕਿਆਂ ਤੱਕ ਲੰਗਰ ਪਹੁੰਚਾਇਆ। ਮੀਂਹ ਦੇ ਮੌਸਮ ਵਿਚ ਵੀ ਕਿਸਾਨਾਂ ਲਈ ਖੀਰ, ਮਾਲ-ਪੂੜੇ ਦਾ ਲੰਗਰ ਚਲਾਇਆ ਗਿਆ।

PunjabKesari
ਕਮੇਟੀ ਦੇ ਅਹੁਦੇਦਾਰਾਂ ਦੀ ਮੰਨੀਏ ਤਾਂ ਕਿਸਾਨ ਅੰਦੋਲਨ ਦੇ ਨਾਲ-ਨਾਲ ਸਖਤ ਤਾਲਾਬੰਦੀ ਵਿਚ ਵੀ ਕਮੇਟੀ ਨੇ ਰੋਜ਼ਾਨਾ ਕਰੀਬ 2 ਲੱਖ ਜ਼ਰੂਰਤਮੰਦਾਂ ਦੀ ਸੇਵਾ ਦਾ ਰਿਕਾਰਡ ਬਣਾਇਆ ਹੈ। ਇਹ ਖੁਦ ਵਿਚ ਇਕ ਅਜਿਹੀ ਮੁਹਿੰਮ ਬਣੀ ਹੈ, ਜਿਸ ਦੀ ਦੁਨੀਆ ਭਰ ਵਿਚ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਕਮੇਟੀ ਨੇ ਪੁਰਜ਼ੋਰ ਕੋਸ਼ਿਸ਼ ਕੀਤੀ ਹੈ ਕਿ ਦਿੱਲੀ ਵਿਚ ਕੋਈ ਵੀ ਵਿਅਕਤੀ ਭੁੱਖਾ ਨਾ ਸੌਂਵੇਂ। ਕਮੇਟੀ ਦੀ ਇਸ ਸੇਵਾ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਲੀ ਪੁਲਸ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਪਰਿਕਰਮਾ ਕਰ ਕੇ ਸਾਇਰਨ ਦੇ ਰੂਪ ਵਿਚ ਸੈਲਿਊਟ ਵੀ ਦਿੱਤਾ।

PunjabKesari

‘ਕਿਸਾਨ ਅੰਦੋਲਨ ਨਾਲ ਡਟਕੇ ਖੜ੍ਹੇ ਹਾਂ’
ਅਸੀਂ ਬਹੁਤ ਭਾਗਾਂ ਵਾਲੇ ਹਾਂ ਜੋ ਗੁਰੂ ਸਾਹਿਬ ਨੇ ਸੇਵਾ ਸਾਡੀ ਝੋਲੀ ਵਿਚ ਪਾਈ ਹੈ। ਕਿਸਾਨ ਅੰਦੋਲਨ ਦੇ ਨਾਲ ਡਟ ਕੇ ਖੜ੍ਹੇ ਹਾਂ ਅਤੇ ਕਿਸਾਨਾਂ ਦਾ ਪੂਰਾ ਸਮਰਥਨ ਕਰਦੇ ਹਾਂ। ਕਿਸਾਨਾਂ ਦੀ ਫਤਹਿ ਹੋਣ ਤੱਕ ਜਿਸ ਤਰ੍ਹਾਂ ਦੀ ਵੀ ਮਦਦ ਚਾਹੀਦੀ ਹੋਵੇਗੀ, ਉਪਲੱਬਧ ਕਰਵਾਈ ਜਾਵੇਗੀ। ਸਾਨੂੰ ਕਿਹਾ ਜਾਵੇ ਕਿ ਇਕ ਲੱਖ ਕਿਸਾਨਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਉਹ ਵੀ ਕੀਤਾ ਜਾਵੇਗਾ। ਕਿਸਾਨਾਂ ਲਈ ਬਾਰਡਰ ’ਤੇ ਸ਼ਹਿਰ ਵਸਾਉਣਾ ਪਿਆ ਤਾਂ ਉਹ ਵੀ ਦਿੱਲੀ ਦੀ ਸੰਗਤ ਦੇ ਸਹਿਯੋਗ ਨਾਲ ਵਸਾਇਆ ਜਾਵੇਗਾ।
- ਮਨਜਿੰਦਰ ਸਿੰਘ ਸਿਰਸਾ, ਪ੍ਰਧਾਨ, ਦਿੱਲੀ ਗੁਰਦੁਆਰਾ ਕਮੇਟੀ

PunjabKesari

‘ਸਕੂਲ ਬੱਸਾਂ ਵਿਚ ਬਣਾ ਦਿੱਤੇ ਮੋਬਾਇਲ ਰੈਣ ਬਸੇਰੇ’
ਪਿਛਲੇ ਦਿਨੀਂ ਮੌਸਮ ਨੇ ਕਰਵਟ ਬਦਲੀ ਅਤੇ ਮੀਂਹ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਕਮੇਟੀ ਨੇ ਟਿਕਰੀ, ਗਾਜ਼ੀਪੁਰ ਅਤੇ ਕੁੰਡਲੀ ਬਾਰਡਰ ’ਤੇ ਵਾਟਰਪਰੂਫ ਟੈਂਟ ਦਾ ਇੰਤਜ਼ਾਮ ਕੀਤਾ। ਕੜਾਕੇ ਦੀ ਠੰਡ ਤੋਂ ਬਚਣ ਲਈ ਕਿਸਾਨਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਦੇਸੀ ਗੀਜ਼ਰ ਉਪਲੱਬਧ ਕਰਵਾਏ ਗਏ। ਇਸੇ ਕੜੀ ਵਿਚ ਮੋਬਾਇਲ ਰੈਨ ਬਸੇਰੇ ਦੀ ਸਹੂਲਤ ਦੇਣ ਲਈ ਕਮੇਟੀ ਨੇ ਸਕੂਲੀ ਬੱਸਾਂ ਤੋਂ ਸੀਟਾਂ ਕਢਵਾ ਦਿੱਤੀਆਂ, ਤਾਂ ਕਿ ਕਿਸਾਨ ਕਦੇ ਵੀ, ਕਿਤੇ ਵੀ ਆਸਰਾ ਲੈ ਸਕਣ। ਇਨ੍ਹਾਂ ਮੋਬਾਇਲ ਰੈਨ ਬਸੇਰਿਆਂ ਵਿਚ ਬਿਸਤਰਿਆਂ ਸਮੇਤ ਕੰਬਲ, ਚਾਦਰਾਂ ਅਤੇ ਸਿਰ੍ਹਾਣੇ ਵਰਗਾ ਤਮਾਮ ਸਾਮਾਨ ਉਪਲੱਬਧ ਕਰਵਾਇਆ ਗਿਆ। ਅਹੁਦੇਦਾਰਾਂ ਦੀ ਮੰਨੀਏ ਤਾਂ ਕਮੇਟੀ ਨੇ ਪਹਿਲੇ ਪੜਾਅ ਵਿਚ ਅਜਿਹੀਆਂ ਕਰੀਬ 25 ਬੱਸਾਂ ਨੂੰ ਮੋਬਾਇਲ ਰੈਣ ਬਸੇਰਿਆਂ ਵਿਚ ਤਬਦੀਲ ਕੀਤਾ ਹੈ। ਕਿਸਾਨਾਂ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਜਿੰਨੀਆਂ ਬੱਸਾਂ ਦੀ ਜ਼ਰੂਰਤ ਹੋਵੇਗੀ, ਉਨ੍ਹਾਂ ਨੂੰ ਤੁਰੰਤ ਉਪਲੱਬਧ ਕਰਵਾ ਦਿੱਤੀਆਂ ਜਾਣਗੀਆਂ।

PunjabKesari

‘ਕਿਸਾਨਾਂ ਦਾ ਰੂਟੀਨ ਮੈਡੀਕਲ ਚੈਕਅਪ’
ਕਮੇਟੀ ਵਲੋਂ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਸ਼ੁਰੂ ਕੀਤੇ ਗਏ ਪਾਲੀਕਲੀਨਿਕ ਦੀਆਂ ਟੀਮਾਂ ਗਾਜ਼ੀਪੁਰ, ਕੁੰਡਲੀ ਅਤੇ ਟਿਕਰੀ ਬਾਰਡਰ ’ਤੇ ਤਾਇਨਾਤ ਕੀਤੀਆਂ ਗਈਆਂ ਹਨ। ਇਹ ਟੀਮਾਂ ਕਿਸਾਨਾਂ ਦਾ ਰੂਟੀਨ ਮੈਡੀਕਲ ਚੈਕਅਪ ਕਰਦੀਆਂ ਹਨ। ਨਾਲ ਹੀ ਜ਼ਰੂਰਤ ਪੈਣ ’ਤੇ ਟੈਸਟ ਦੀ ਸਹੂਲਤ ਦੇ ਨਾਲ-ਨਾਲ ਦਵਾਈਆਂ ਵੀ ਉਪਲੱਬਧ ਕਰਵਾ ਰਹੀਆਂ ਹਨ। ਇਹ ਹੀ ਨਹੀਂ ਕਮੇਟੀ ਨੇ ਕਈ ਥਾਵਾਂ ’ਤੇ ਐਂਬੂਲੈਂਸ ਵੀ ਤਾਇਨਾਤ ਕੀਤੀਆਂ ਹਨ ਤਾਂ ਕਿ ਲੋਡ਼ ਪੈਣ ’ਤੇ ਪੀੜਤ ਕਿਸਾਨਾਂ ਨੂੰ ਨਜ਼ਦੀਕ ਦੇ ਹਸਪਤਾਲ ਤੱਕ ਪਹੁੰਚਾਇਆ ਜਾ ਸਕੇ।

PunjabKesari

‘ਵਿਗਿਆਨ ਭਵਨ ਤੱਕ ਲੰਗਰ ਦੀ ਸੇਵਾ ਪਹੁੰਚਾਈ’
ਕੇਂਦਰ ਅਤੇ ਕਿਸਾਨਾਂ ਵਿਚਕਾਰ ਜਦੋਂ ਗੱਲਬਾਤ ਦਾ ਦੌਰ ਚੱਲਿਆ ਤਾਂ ਕਮੇਟੀ ਨੇ ਬੈਠਕ ਤੱਕ ਲੰਗਰ ਦੀ ਸੇਵਾ ਪਹੁੰਚਾਈ ਹੈ। ਖੁਦ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਲੰਗਰ ਲੈ ਕੇ ਵਿਗਿਆਨ ਭਵਨ ਪੁੱਜੇ ਅਤੇ ਖੁਦ ਆਪਣੇ ਹੱਥਾਂ ਨਾਲ ਕਿਸਾਨਾਂ ਨੂੰ ਚਾਹ-ਪਾਣੀ ਦਿੱਤਾ। ਸਿਰਸਾ ਮੁਤਾਬਕ ਇਸ ਨਾਲ ਨਾ ਸਿਰਫ਼ ਕਿਸਾਨਾਂ ਦੀ ਸੇਵਾ ਹੋਈ, ਸਗੋਂ ਕੇਂਦਰ ਸਰਕਾਰ ਤੱਕ ਵੀ ਸੁਨੇਹਾ ਪਹੁੰਚਾਇਆ ਗਿਆ ਕਿ ਕਿਸਾਨਾਂ ਲਈ ਕਮੇਟੀ ਕਿਤੇ ਵੀ ਜਾ ਸਕਦੀ ਹੈ।
PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Tanu

Content Editor

Related News