ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਨਾਲ ਜੁੜੀਆਂ ਪਟੀਸ਼ਨਾਂ ’ਤੇ ਅੱਜ SC ਕਰੇਗਾ ਸੁਣਵਾਈ
Monday, Jan 11, 2021 - 11:33 AM (IST)
ਨਵੀਂ ਦਿੱਲੀ— ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਪ੍ਰਦਰਸ਼ਨਕਾਰੀ ਕਿਸਾਨ ਅਤੇ ਸਰਕਾਰ ਨਾਲ ਗੱਲਬਾਤ ’ਚ ਗਤੀਰੋਧ ਬਰਕਰਾਰ ਰਹਿਣ ਮਗਰੋਂ ਹੁਣ ਹਰ ਇਕ ਦੀ ਨਜ਼ਰ ਸੋਮਵਾਰ ਯਾਨੀ ਕਿ ਅੱਜ ਸੁਪਰੀਮ ਕੋਰਟ ’ਚ ਹੋਣ ਵਾਲੀ ਸੁਣਵਾਈ ’ਤੇ ਟਿਕੀ ਹੈ। ਸੁਪਰੀਮ ਕੋਰਟ ਨਵੇਂ ਖੇਤੀ ਕਾਨੂੰਨਾਂ ਨੂੰ ਚੁਣੌਤੀ ਦੇਣ ਵਾਲੀਆਂ ਕਈ ਪਟੀਸ਼ਨਾਂ ਅਤੇ ਕਿਸਾਨ ਅੰਦੋਲਨ ਨਾਲ ਜੁੜੀਆਂ ਪਟੀਸ਼ਨਾਂ ’ਤੇ ਸੁਣਵਾਈ ਕਰੇਗਾ।
ਦੱਸ ਦੇਈਏ ਕਿ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ 8 ਜਨਵਰੀ ਨੂੰ ਹੋਈ ਗੱਲਬਾਤ ’ਚ ਕੋਈ ਹੱਲ ਨਹੀਂ ਨਿਕਲਿਆ। ਕੇਂਦਰ ਨੇ ਕਾਨੂੰਨ ਨੂੰ ਰੱਦ ਕਰਨ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ, ਜਦਕਿ ਕਿਸਾਨ ਆਗੂਆਂ ਨੇ ਕਿਹਾ ਕਿ ‘ਜਿੱਤਾਂਗੇ ਜਾਂ ਮਰਾਂਗੇ’। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਦੋ-ਟੁੱਕ ਆਖ ਦਿੱਤਾ ਹੈ ਕਿ ਉਹ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਘਰ ਵਾਪਸੀ ਕਰਨਗੇ। ਸੁਪਰੀਮ ਕੋਰਟ ’ਚ ਅੱਜ ਹੋਣ ਵਾਲੀ ਸੁਣਵਾਈ ਕਾਫ਼ੀ ਅਹਿਮ ਹੈ, ਕਿਉਂਕਿ ਕੇਂਦਰ ਅਤੇ ਕਿਸਾਨਾਂ ਵਿਚਾਲੇ ਅਗਲੀ ਬੈਠਕ 15 ਜਨਵਰੀ ਨੂੰ ਤੈਅ ਹੈ।
ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਦਾ ਅੱਜ 47ਵਾਂ ਦਿਨ ਹੈ, ਕਿਸਾਨ ਕੜਾਕੇ ਦੀ ਠੰਡ ’ਚ ਸੜਕਾਂ ’ਤੇ ਡਟੇ ਹੋਏ ਹਨ। ਜੇਕਰ ਕੇਂਦਰ ਅਤੇ ਸਰਕਾਰ ਵਿਚਾਲੇ ਗੱਲਬਾਤ ਰਾਹੀਂ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਕਿਸਾਨਾਂ ਆਪਣਾ ਅੰਦੋਲਨ ਹੋਰ ਤਿੱਖਾ ਕਰਨਗੇ। 26 ਜਨਵਰੀ ਨੂੰ ਕਿਸਾਨ ਦਿੱਲੀ ’ਚ ਟਰੈਕਟਰ ਮਾਰਚ ਕੱਢਣਗੇ।