ਕਿਸਾਨੀ ਘੋਲ: ਹੱਕਾਂ ਲਈ ਡਟੇ ਹਾਂ, ਹੁਣ ਤਾਂ 'ਹੱਕ' ਲੈ ਕੇ ਹੀ ਘਰਾਂ ਨੂੰ ਮੁੜਾਂਗੇ (ਵੇਖੋ ਤਸਵੀਰਾਂ)
Tuesday, Dec 15, 2020 - 05:35 PM (IST)
ਨਵੀਂ ਦਿੱਲੀ— ਕਿਸਾਨ ਅੰਦੋਲਨ ਕਿੰਨਾ ਲੰਬਾ ਚੱਲੇਗਾ, ਇਸ ਬਾਬਤ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਵੀਰ ਡਟੇ ਹੋਏ ਹਨ। ਹੱਕਾਂ ਦੀ ਲੜਾਈ ਲਈ ਜਾਰੀ ਇਹ ਸੰਘਰਸ਼ ਸਿਦਕ ਤੇ ਹੌਂਸਲੇ ਵਾਲਾ ਹੈ। ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਕਿਸਾਨ ਆਪਣੇ ਖੇਤਾਂ ਨੂੰ ਛੱਡ ਕੇ ਦਿੱਲੀ ਦੀਆਂ ਸੜਕਾਂ 'ਤੇ ਡਟਿਆ ਹੈ।
ਸੋਚਿਆ ਜਾਵੇ ਤਾਂ ਇਹ ਲੜਾਈ ਹੁਣ ਕਿਸਾਨੀ ਲੜਾਈ ਤੱਕ ਹੀ ਸੀਮਤ ਨਹੀਂ ਰਹਿ ਗਈ। ਇਹ ਲੜਾਈ ਹੁਣ ਆਮ ਆਦਮੀ ਦੀ ਲੜਾਈ ਬਣ ਚੁੱਕੀ ਹੈ। ਬੋਲ਼ੀ ਸਰਕਾਰ ਦੇ ਕੰਨ ਖੋਲ੍ਹਣ ਲਈ ਕਿਸਾਨ ਉਦੋਂ ਤੱਕ ਦਿੱਲੀ 'ਚ ਡਟੇ ਰਹਿਣਗੇ, ਜਦੋਂ ਤੱਕ ਉਨ੍ਹਾਂ ਨੂੰ ਆਪਣੇ ਹੱਕ ਨਹੀਂ ਮਿਲ ਜਾਂਦੇ।
ਕੜਾਕੇ ਦੀ ਠੰਡ ਵਿਚ ਵੀ ਕਿਸਾਨ ਦਿੱਲੀ ਦੀਆਂ ਸੜਕਾਂ 'ਤੇ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ, ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਸਿੰਘੂ ਸਰਹੱਦ, ਟਿਕਰੀ ਸਰਹੱਦ 'ਤੇ ਵੱਡੀ ਗਿਣਤੀ 'ਚ ਕਿਸਾਨ ਡਟੇ ਹੋਏ ਹਨ।
ਇਸ ਕਿਸਾਨੀ ਘੋਲ ਦੀ ਗੂੰਜ ਵਿਦੇਸ਼ਾਂ 'ਚ ਵੀ ਪੈ ਰਹੀ ਹੈ। ਵਿਦੇਸ਼ਾਂ 'ਚ ਵੱਸਦੇ ਵੱਡੀ ਗਿਣਤੀ 'ਚ ਲੋਕ ਕਿਸਾਨਾਂ ਦੇ ਸਮਰਥਨ 'ਚ ਆਏ ਹਨ। ਉਹ ਕਿਸਾਨਾਂ ਦੇ ਸਮਰਥਨ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਰੋਸ ਮੁਜ਼ਾਹਰੇ ਕਰ ਰਹੇ ਹਨ। ਪੰਜਾਬੀ ਕਲਾਕਾਰਾਂ ਨੇ ਵੀ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ।
ਕਿਸਾਨੀ ਘੋਲ ਨੂੰ ਲੈ ਕੇ ਜਾਰੀ ਸੰਘਰਸ਼ ਦੀਆਂ ਖ਼ਬਰਾਂ ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਕਿਸਾਨ ਵੀ ਇਸ ਤੋਂ ਰੂ-ਬ-ਰੂ ਹੋ ਰਹੇ ਹਨ। ਧਰਨਿਆਂ 'ਤੇ ਡਟੇ ਕਿਸਾਨ ਵੀ ਅਖ਼ਬਾਰਾਂ ਰਾਹੀਂ ਜਾਣੂ ਹੁੰਦੇ ਹਨ ਕਿ ਆਖ਼ਰਕਾਰ ਸਾਡੇ ਸੰਘਰਸ਼ ਨੂੰ ਅਸੀਂ ਹੀ ਨਹੀਂ ਪੂਰੀ ਦੁਨੀਆ ਪੜ੍ਹ ਰਹੀ ਹੈ।
ਸੜਕਾਂ 'ਤੇ ਡਟੇ ਕਿਸਾਨ ਆਪਣੀ ਮਿੱਟੀ ਲਈ, ਖੇਤੀ ਨੂੰ ਬਚਾਉਣ ਲਈ ਡਟਿਆ ਹੈ। ਅੰਨਦਾਤਾ ਅੱਜ ਸੜਕਾਂ 'ਤੇ ਰਹਿ ਕੇ ਵੀ ਡੋਲਿਆ ਨਹੀਂ ਹੈ। ਲੰਗਰ ਵੀ ਅਤੁੱਟ ਵਰਤ ਰਹੇ ਹਨ।
ਸਰਕਾਰ ਆਖ ਰਹੀ ਹੈ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਬਣਾਏ ਗਏ ਹਨ ਪਰ ਕਿਸਾਨ ਇਨ੍ਹਾਂ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ। ਕਿਸਾਨਾਂ ਨੂੰ ਡਰ ਹੈ ਕਿ ਇਹ ਕਾਨੂੰਨ ਉਨ੍ਹਾਂ ਦੇ ਹੱਕਾਂ ਨੂੰ ਖ਼ਤਮ ਕਰ ਦੇਣਗੇ ਅਤੇ ਉਹ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਦੀ ਰਹਿਮ 'ਤੇ ਰਹਿ ਜਾਣਗੇ। ਕਿਸਾਨ ਦਾ ਕਹਿਣਾ ਹੈ ਕਿ ਇਹ ਕਾਨੂੰਨ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ ਖ਼ਤਮ ਕਰ ਦੇਣਗੇ, ਇਸ ਲਈ ਸਰਕਾਰ ਗਰੰਟੀ ਕਾਨੂੰਨ ਬਣਾਵੇ।
ਕੱਲ੍ਹ ਯਾਨੀ ਕਿ 16 ਦਸੰਬਰ ਨੂੰ ਕਿਸਾਨ ਅੰਦੋਲਨ 'ਤੇ ਮੰਥਨ ਨੂੰ ਲੈ ਕੇ ਮੋਦੀ ਸਰਕਾਰ ਨੇ ਕੈਬਨਿਟ ਦੀ ਬੈਠਕ ਸੱਦੀ ਹੈ। ਇਸ ਬੈਠਕ 'ਚ ਕਿਸਾਨੀ ਮੁੱਦੇ ਦਾ ਕੋਈ ਹੱਲ ਲੱਭਿਆ ਜਾ ਸਕਦਾ। ਹੁਣ ਤੱਕ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਸਰਕਾਰ ਦੀ 6ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਜੋ ਕਿ ਬੇਸਿੱਟਾ ਰਹੀ। ਸਰਕਾਰ ਝੁਕੇਗੀ ਜਾਂ ਕਿਸਾਨ ਆਪਣੀ ਮੰਗ 'ਤੇ ਅੜੇ ਰਹਿਣਗੇ, ਆਖ਼ਰਕਾਰ ਕੀ ਨਿਕਲੇਗਾ ਕਿਸਾਨ ਮੁੱਦਿਆਂ ਦਾ ਹੱਲ, ਇਹ ਇਕ ਵੱਡਾ ਸਵਾਲ ਹੈ।
ਨੋਟ: ਖੇਤੀ ਕਾਨੂੰਨਾਂ ਸਬੰਧੀ ਸਰਕਾਰ ਦੇ ਰਵੱਈਏ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ