ਚੋਣ ਸੂਬਿਆਂ ’ਚ ਨਹੀਂ ਚੱਲਿਆ ਕਿਸਾਨ ਅੰਦੋਲਨ ਦਾ ਦਾਅ

03/11/2022 12:15:19 PM

ਨਵੀਂ ਦਿੱਲੀ– 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਦਿੱਲੀ ਦੀਆਂ ਹੱਦਾਂ ’ਤੇ ਪੂਰਾ ਇਕ ਸਾਲ ਚੱਲੇ ਕਿਸਾਨ ਅੰਦੋਲਨ ਦਾ ਦਾਅ ਚੋਣ ਸੂਬਿਆਂ ’ਚ ਨਹੀਂ ਚੱਲਿਆ। ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ’ਚ ਜਿਥੇ ਸੱਤਾਧਾਰੀ ਭਾਜਪਾ ਸੱਤਾ ਨੂੰ ਬਰਕਰਾਰ ਰੱਖਣ ’ਚ ਸਫਲ ਰਹੀ, ਉਥੇ ਦੂਜੇ ਪਾਸੇ ਤਬਦੀਲੀ ਦੀ ਹਨੇਰੀ ’ਚ ਪੰਜਾਬ ’ਚ ਆਮ ਆਦਮੀ ਪਾਰਟੀ ਨੇ ਜ਼ਬਰਦਸਤ ਜਿੱਤ ਹਾਸਲ ਕੀਤੀ। ਮੰਨਿਆ ਜਾ ਰਿਹਾ ਸੀ ਕਿ ਵਾਪਸ ਲਏ ਗਏ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ’ਤੇ ਚੱਲੇ ਕਿਸਾਨ ਅੰਦੋਲਨ ਦਾ ਉੱਤਰ ਪ੍ਰਦੇਸ਼ ਦੇ ਪੱਛਮੀ ਅਤੇ ਕਿਸਾਨਾਂ ਦੇ ਪ੍ਰਭਾਵ ਵਾਲੇ ਇਲਾਕਿਆਂ ’ਤੇ ਅਸਰ ਪਏਗਾ ਪਰ ਇੰਝ ਨਹੀਂ ਹੋਇਆ। ਇਸ ਨੂੰ ਧਿਆਨ ’ਚ ਰੱਖਦਿਆਂ ਸਮਾਜਵਾਦੀ ਪਾਰਟੀ ਨੇ ਇਸ ਵਾਰ ਰਾਸ਼ਟਰੀ ਲੋਕ ਦਲ ਨਾਲ ਗਠਜੋੜ ਕੀਤਾ ਸੀ ਤਾਂ ਜੋ ਜਯੰਤ ਚੌਧਰੀ ਦੇ ਨਾਲ ਆਉਣ ਪਿਛੋਂ ਸਮਾਜਵਾਦੀ ਪਾਰਟੀ ਨੂੰ ਜਾਟ ਵੋਟਰਾਂ ਦੀ ਹਮਾਇਤ ਮਿਲੇਗੀ। ਚੋਣ ਨਤੀਜਿਆਂ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਕਿਸਾਨਾਂ ਦੀ ਨਾਰਾਜ਼ਗੀ ਨੂੰ ਕੈਸ਼ ਕਰਨ ਦੇ ਸਮਾਜਵਾਦੀ ਪਾਰਟੀ ਗਠਜੋੜ ਅਤੇ ਕਾਂਗਰਸ ਦੇ ਯਤਨ ਨਾਕਾਮ ਸਾਬਿਤ ਹੋਏ ਹਨ।

ਇਹ ਵੀ ਪੜ੍ਹੋ– 'ਸਾਈਕਲ 'ਤੇ ਚੱਲੀ ਬੁਲਡੋਜ਼ਰ, ਉੱਤਰ ਪ੍ਰਦੇਸ਼ 'ਚ ਫਿਰ ਯੋਗੀ

ਚੋਣ ਪ੍ਰਚਾਰ ਦੌਰਾਨ ਵਿਰੋਧੀ ਪਾਰਟੀਆਂ ਨੇ ਕੋਵਿਡ-19 ਮਹਾਮਾਰੀ ਦੌਰਾਨ ਗੰਗਾ ’ਚ ਤੈਰਦੀਆਂ ਲਾਸ਼ਾਂ ਦੇ ਮੁੱਦੇ ਨੂੰ ਵੀ ਜ਼ੋਰ-ਸ਼ੋਰ ਨਾਲ ਉਠਾਇਆ ਸੀ ਪਰ ਚੋਣ ਨਤੀਜਿਆਂ ਤੋਂ ਸਪਸ਼ਟ ਹੈ ਕਿ ਚੋਣਾਂ ’ਤੇ ਇਸ ਦਾ ਕੋਈ ਅਸਰ ਨਹੀਂ ਪਿਆ। ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੇ ਚੋਣ ਪ੍ਰਚਾਰ ਦੌਰਾਨ ਲਖੀਮਪੁਰ ਖੀਰੀ ’ਚ ਕਿਸਾਨਾਂ ਨੂੰ ਮੋਟਰਗੱਡੀ ਨਾਲ ਕੁਚਲੇ ਜਾਣ ਅਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਦੇ ਇਸ ’ਚ ਸ਼ਾਮਲ ਹੋਣ ਨਾਲ ਜੁੜੇ ਦੋਸ਼ਾਂ ਦਾ ਵਿਸ਼ਾ ਵੀ ਉਠਾਇਆ ਸੀ ਪਰ ਇਸ ਜ਼ਿਲੇ ਦੀਆਂ ਸੀਟਾਂ ’ਤੇ ਭਾਜਪਾ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ।

ਉੱਤਰ ਪ੍ਰਦੇਸ਼ ’ਚ ਭਾਜਪਾ ਦਾ ਪ੍ਰਦਰਸ਼ਨ 2017 ਵਰਗਾ ਤਾਂ ਨਹੀਂ ਰਿਹਾ ਪਰ ਸੂਬੇ ’ਚ ਭਾਜਪਾ ਦੀ ਫੈਸਲਾਕੁੰਨ ਜਿੱਤ ਨਾਲ ਸਾਢੇ ਤਿੰਨ ਦਹਾਕਿਆਂ ਤੋਂ ਵਧ ਸਮੇਂ ਪਿਛੋਂ ਕੋਈ ਮੁੱਖ ਮੰਤਰੀ ਕਾਰਜਕਾਲ ਪੂਰਾ ਹੋਣ ਪਿਛੋਂ ਮੁੜ ਸੱਤਾ ’ਚ ਆ ਰਿਹਾ ਹੈ। ਭਾਜਪਾ ਉੱਤਰ ਪ੍ਰਦੇਸ਼ ਦੇ ਨਾਲ ਹੀ ਉੱਤਰਾਖੰਡ, ਗੋਆ ਅਤੇ ਮਣੀਪੁਰ ’ਚ ਵੀ ਸੱਤਾ ’ਚ ਵਾਪਸੀ ਕਰ ਰਹੀ ਹੈ। ਉੱਤਰਾਖੰਡ ’ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਸੂਬੇ ਦੀ ਸੱਤਾਧਾਰੀ ਪਾਰਟੀ ਨੇ ਮੁੜ ਸੱਤਾ ’ਚ ਵਾਪਸੀ ਕੀਤੀ ਹੈ। ਉੱਤਰਾਖੰਡ ’ਚ ਕਿਸਾਨਾਂ ਦੇ ਪ੍ਰਭਾਵ ਵਾਲੀਅਾਂ ਕਈ ਸੀਟਾਂ ’ਤੇ ਭਾਜਪਾ ਨੇ ਜਿੱਤ ਦਰਜ ਕੀਤੀ ਹੈ।

ਇਹ ਵੀ ਪੜ੍ਹੋ– ਉੱਤਰਾਖੰਡ, ਮਣੀਪੁਰ ਤੇ ਗੋਆ ’ਚ ਵੀ ਖਿੜਿਆ ਕਮਲ​​​​​​​

ਅੰਦੋਲਨ ਦਾ ਪੂਰਾ ਲਾਭ ‘ਆਪ’ ਨੂੰ
ਕਿਸਾਨ ਅੰਦੋਲਨ ਦਾ ਅਸਰ ਪੰਜਾਬ ’ਚ ਨਜ਼ਰ ਆਇਆ ਪਰ ਇਸ ਦਾ ਪੂਰਾ ਲਾਭ ਆਮ ਆਦਮੀ ਪਾਰਟੀ (ਆਪ) ਨੂੰ ਹੋਇਆ। ਚੋਣ ਪੱਖੋਂ ਪੰਜਾਬ, ਮਾਝਾ, ਮਾਲਵਾ ਅਤੇ ਦੁਆਬਾ ਖੇਤਰਾਂ ’ਚ ਵੰਡਿਆ ਹੋਇਆ ਹੈ। ਮਾਲਵਾ ’ਚ 69, ਮਾਝਾ ’ਚ 25 ਅਤੇ ਦੁਆਬਾ ’ਚ 23 ਸੀਟਾਂ ਹਨ। ਸਭ ਤੋਂ ਵਧ ਸੀਟਾਂ ਵਾਲਾ ਮਾਲਵਾ ਖੇਤਰ ਕਿਸਾਨਾਂ ਦਾ ਗੜ੍ਹ ਹੈ। ਪੰਜਾਬ ਦੀਆਂ ਚੋਣਾਂ ’ਚ ਇਹੀ ਇਲਾਕਾ ਫੈਸਲਾਕੁੰਨ ਭੂਮਿਕਾ ਨਿਭਾਉਂਦਾ ਹੈ। ਵਿਸ਼ਲੇਸ਼ਕਾਂ ਮੁਤਾਬਕ ਆਮ ਆਦਮੀ ਪਾਰਟੀ ਦਾ ਆਧਾਰ ਵੀ ਪਿੰਡਾਂ ’ਚ ਵਧ ਹੈ। ਪਿਛਲੀ ਵਾਰ ਉਸ ਦੀਆਂ 20 ਸੀਟਾਂ ’ਚੋਂ ਵਧੇਰੇ ਸੀਟਾਂ ਪੇਂਡੂ ਖੇਤਰਾਂ ਤੋਂ ਹੀ ਸਨ। ਚੋਣਾਂ ਦੇ ਨਤੀਜਿਆਂ ਤੋਂ ਸਪਸ਼ਟ ਹੈ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਨੇ ਇਸ ਵਾਰ ਮਾਲਵਾ ਸਮੇਤ ਸਭ ਇਲਾਕਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਜਿਹਾ ਲੱਗਦਾ ਹੈ ਕਿ ਪਾਰਟੀ ਦਾ ਨਾਅਰਾ ‘ਇਕ ਮੌਕਾ ਭਗਵੰਤ ਮਾਨ ਤੇ ਕੇਜਰੀਵਾਲ ਨੂੰ’ ਵਰਕਰਾਂ ਨੂੰ ਪਸੰਦ ਆ ਗਿਆ ਸੀ।

ਇਹ ਵੀ ਪੜ੍ਹੋ– ਪੰਜਾਬ ’ਚ ‘ਆਪ’ ਦੀ ਹੂੰਝਾਫੇਰ ਜਿੱਤ, ਉੱਤਰਾਖੰਡ ’ਚ ਨਹੀਂ ਖੋਲ੍ਹ ਸਕੀ ਖਾਤਾ​​​​​​​


Rakesh

Content Editor

Related News