ਦਿੱਲੀ ਕੂਚ ਲਈ ਕਿਸਾਨਾਂ ਦੀ ਪੁਲਸ ਨਾਲ ਝੜਪ, ਜਾਮ ਵੀ ਲੱਗਾ
Monday, Dec 02, 2024 - 03:56 PM (IST)
ਨੋਇਡਾ- ਸੰਯੁਕਤ ਕਿਸਾਨ ਮੋਰਚਾ (SKM) ਦੀ ਅਗਵਾਈ ਵਿਚ ਸੋਮਵਾਰ ਨੂੰ ਹਜ਼ਾਰਾਂ ਕਿਸਾਨ ਨੋਇਡਾ ਤੋਂ ਦਿੱਲੀ ਵੱਲ ਕੂਚ ਕਰ ਰਹੇ ਹਨ। ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਵਿਚ ਉਨ੍ਹਾਂ ਦੀ ਪੁਲਸ ਨਾਲ ਝੜਪ ਹੋਈ ਅਤੇ ਦਿੱਲੀ ਨਾਲ ਲੱਗਦੀਆਂ ਸਰਹੱਦਾਂ 'ਤੇ ਲੰਬਾ ਜਾਮ ਲੱਗ ਗਿਆ ਹੈ। ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ 'ਤੇ ਆਏ ਕਿਸਾਨਾਂ ਨੇ ਆਪਣੇ-ਆਪਣੇ ਭਾਈਚਾਰੇ ਦੇ ਬੈਨਰ ਹੇਠ, ਨੋਇਡਾ ਵਿਚ ਮਹਾਮਾਇਆ ਫਲਾਈਓਵਰ ਕੋਲ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ। ਪੁਲਸ ਨੇ ਉਨ੍ਹਾਂ ਨੂੰ ਅੱਗੇ ਵੱਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਕਿਸਾਨਾਂ ਦੀ ਉਨ੍ਹਾਂ ਨਾਲ ਝੜਪ ਹੋਈ।
ਪੁਲਸ ਨੇ ਕਿਸਾਨਾਂ ਨੂੰ ਨੋਇਡਾ ਦੇ ਦਲਿਤ ਪ੍ਰੇਰਨਾ ਸਥਲ ਦੇ ਗੇਟ ਨੰਬਰ-2 'ਤੇ ਹੀ ਰੋਕ ਦਿੱਤਾ ਅਤੇ ਕਿਸਾਨ ਉੱਥੇ ਬੈਠ ਕੇ ਆਪਣੀਆਂ ਮੰਗਾਂ ਦੇ ਸਮਰਥਨ ਵਿਚ ਨਾਅਰੇ ਲਾ ਰਹੇ ਹਨ। ਪੁਲਸ ਨੇ ਦੱਸਿਆ ਕਿ ਆਵਾਜਾਈ ਨੂੰ ਹੋਰ ਰੂਟਾਂ ਵੱਲ ਮੋੜ ਦਿੱਤਾ ਗਿਆ ਹੈ, ਜਿਸ ਕਾਰਨ ਨੋਇਡਾ ਤੋਂ ਦਿੱਲੀ ਵੱਲ ਜਾਣ ਲਈ ਚਿੱਲਾ, ਕਾਲਿੰਦੀ, ਡੀ. ਐੱਨ. ਡੀ. ਸਰਹੱਦ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਵੇਖੀਆ ਜਾ ਰਹੀਆਂ ਹਨ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ. ਰੂਪੇਸ਼ ਵਰਮਾ ਨੇ ਦਾਅਵਾ ਕੀਤਾ ਕਿ ਮੋਰਚਾ 'ਅਬਕੀ ਬਾਰ' ਕਿਸਾਨਾਂ ਦੀਆਂ ਮੰਗਾਂ ਨੂੰ ਹਰ ਹਾਲ ਵਿਚ ਪੂਰੀ ਕਰਵਾ ਕੇ ਵਾਪਸ ਪਰਤੇਗਾ। ਦੱਸ ਦੇਈਏ ਕਿ ਕਿਸਾਨ MSP ਦੀ ਗਾਰੰਟੀ ਲਈ ਕਾਨੂੰਨ ਬਣਾਉਣ ਸਮੇਤ ਕਈ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।