ਟਿਕੈਤ ਦੀ ਚਿਤਾਵਨੀ, MSP ਬਾਰੇ ਸੋਚੇ ਸਰਕਾਰ, ਨਹੀਂ ਤਾਂ 26 ਜਨਵਰੀ ਦੂਰ ਨਹੀਂ

Monday, Nov 29, 2021 - 10:06 AM (IST)

ਮੁੰਬਈ (ਵਾਰਤਾ)– ਮੁੰਬਈ ਦੇ ਆਜ਼ਾਦ ਮੈਦਾਨ ਵਿਚ ਐਤਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਮਹਾਰਾਸ਼ਟਰ ਦੇ ਕਿਸਾਨ ਸੰਘਾਂ ਦੀ ਮਹਾਪੰਚਾਇਤ ਵਿਚ ਆਏ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਤਿੱਖੇ ਤੇਵਰ ਦਿਖਾਏ। ਉਨ੍ਹਾਂ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਸਰਕਾਰ ਨੂੰ ਦਿਮਾਗ ਠੀਕ ਕਰਨ ਅਤੇ ਗੱਲਬਾਤ ਦੀ ਮੇਜ ’ਤੇ ਆਉਣ ਦੀ ਚਿਤਾਵਨੀ ਦਿੱਤੀ। ਟਿਕੈਤ ਇਥੇ ਹੀ ਨਹੀਂ ਰੁਕੇ, ਉਨ੍ਹਾਂ ਚਿਤਾਵਨੀ ਦੇ ਲਹਿਜ਼ੇ ਵਿਚ ਕਿਹਾ ਕਿ 26 ਜਨਵਰੀ ਜ਼ਿਆਦਾ ਦੂਰ ਨਹੀਂ ਹੈ, ਕਿਸਾਨ ਚਾਰ ਲੱਖ ਟਰੈਕਟਰਾਂ ਨਾਲ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਨ।

ਇਹ ਵੀ ਪੜ੍ਹੋ : ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਕੋਰੋਨਾ ਦੇ ਨਵੇਂ ਰੂਪ ਤੋਂ ਬਚਾਅ ਲਈ ਰੋਕੀਆਂ ਜਾਣ ਉਡਾਣਾਂ

ਟਿਕੈਤ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਗੱਲਬਾਤ ਦੀ ਮੇਜ ’ਤੇ ਨਹੀਂ ਆਉਂਦੀ ਉਦੋਂ ਤੱਕ ਕਿਸਾਨਾਂ ਦਾ ਪ੍ਰਦਰਸ਼ਨ ਖ਼ਤਮ ਨਹੀਂ ਹੋਣ ਵਾਲਾ। ਉਨ੍ਹਾਂ ਕਿਹਾ ਕਿ ਸਰਕਾਰ ਵੱਖ-ਵੱਖ ਸਾਜ਼ਿਸ਼ਾਂ ਕਰ ਰਹੀ ਹੈ। ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣਾ ਕਿਸਾਨਾਂ ਦੇ ਮੁੱਦਿਆਂ ਦਾ ਅੰਤ ਨਹੀਂ ਹੈ। ਸਰਕਾਰ ਐੱਮ. ਐੱਸ. ਪੀ. ਲਾਗੂ ਕਰਨ ਲਈ ਤਿਆਰ ਨਹੀਂ ਹੈ, ਕਿਉਂਕਿ ਕਾਰਪੋਰੇਟਸ ਨੇ ਅਨਾਜ ਸਟੋਰ ਕਰਨ ਅਤੇ ਸਸਤੀਆਂ ਦਰਾਂ ’ਤੇ ਅਨਾਜ ਖਰੀਦਣ ਲਈ ਵੱਡੇ ਗੋਦਾਮ ਖਰੀਦ ਰੱਖੇ ਹਨ।
ਉਨ੍ਹਾਂ ਸਾਫ਼ ਸ਼ਬਦਾਂ ਵਿਚ ਕਿਹਾ ਕਿ ਅਸੀਂ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਾਰੰਟੀ ਦੇਣ ਵਾਲੇ ਕਾਨੂੰਨ ਸਮੇਤ 6 ਮੰਗਾਂ ’ਤੇ ਸਰਕਾਰ ਨਾਲ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਲਈ ਕਹਿ ਰਹੇ ਹਨ।

ਇਹ ਵੀ ਪੜ੍ਹੋ : ਬੁੰਦੇਲਖੰਡ ਨਾਲ ਹੈ ਆਸਟ੍ਰੇਲੀਆ ਦਾ ਸੰਬੰਧ, PM ਮੋਦੀ ਨੇ ਦੱਸਿਆ ਇਸ ਦਾ ਦਿਲਚਸਪ ਇਤਿਹਾਸ

ਸਭਾ ਦੌਰਾਨ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਆਜ਼ਾਦ ਮੈਦਾਨ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਇਤਿਹਾਸਕ ਸਥਾਨ ਰਿਹਾ ਹੈ। ਮੈਂ ਪਾਲਘਰ ਗਿਆ ਸੀ ਜਿਥੇ ਆਦਿਵਾਸੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਜ਼ਮੀਨ ਖੋਹੀ ਜਾ ਰਹੀ ਹੈ। ਕਿਸਾਨ ਅੰਦੋਲਨ ’ਤੇ ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਖਾਲਿਸਤਾਨੀ ਅਤੇ ਨਕਸਲੀਆਂ ਵਰਗੇ ਨਾਂਵਾਂ ਨਾਲ ਬੁਲਾਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਅੱਤਵਾਦੀ ਕਿਹਾ ਜਾਂਦਾ ਸੀ ਪਰ ਅਸੀਂ ਇਕਜੁੱਟ ਰਹੇ। ਬੀਤਿਆ ਸਾਲ ਸੌਖਾ ਨਹੀਂ ਸੀ। ਇਸ ਨੂੰ ਸਫ਼ਲ ਬਣਾਉਣ ਦਾ ਸਿਹਰਾ ਸ਼ਹੀਦ ਹੋਏ ਕਿਸਾਨਾਂ ਨੂੰ ਜਾਂਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News