ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਰੋਹ, ਸਿੰਘੂ ਸਰਹੱਦ ''ਤੇ ਫੂਕਿਆ PM ਮੋਦੀ ਦਾ ਪੁਤਲਾ
Saturday, Dec 05, 2020 - 06:46 PM (IST)
ਨਵੀਂ ਦਿੱਲੀ— ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਅੱਜ ਯਾਨੀ ਕਿ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕੇ ਜਾਣ ਦਾ ਐਲਾਨ ਕਿਸਾਨ ਜਥੇਬੰਦੀਆਂ ਵਲੋਂ ਕੀਤਾ ਗਿਆ ਸੀ। ਦਿੱਲੀ ਨਾਲ ਲੱਗਦੀ ਸਿੰਘੂ ਸਰਹੱਦ 'ਤੇ ਡਟੇ ਕਿਸਾਨਾਂ ਨੇ ਅੱਜ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।
ਦੱਸਣਯੋਗ ਹੈ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ 9ਵੇਂ ਦਿਨ ਤੋਂ ਜਾਰੀ ਹੈ। ਅੱਜ ਪ੍ਰਦਰਸ਼ਨ ਦਾ 10ਵਾਂ ਦਿਨ ਹੈ। ਅੱਜ ਕੇਂਦਰ ਅਤੇ ਕਿਸਾਨਾਂ ਨਾਲ 5ਵੇਂ ਦੌਰ ਦੀ ਬੈਠਕ ਦਿੱਲੀ ਦੇ ਵਿਗਿਆਨ ਭਵਨ 'ਚ ਵੀ ਹੋ ਰਹੀ ਹੈ। ਦੁਪਹਿਰ ਕਰੀਬ 2.30 ਵਜੇ ਸ਼ੁਰੂ ਹੋਈ ਬੈਠਕ 'ਚ ਅਜੇ ਤੱਕ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਹੈ। ਕੇਂਦਰ ਨੇ ਖੇਤੀ ਕਾਨੂੰਨਾਂ 'ਚ ਸੋਧ ਦੀ ਗੱਲ ਆਖੀ ਹੈ ਪਰ ਕਿਸਾਨਾਂ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ।
ਸੂਤਰਾਂ ਮੁਤਾਬਕ ਬੈਠਕ 'ਚ ਸ਼ਾਮਲ ਹੋਏ ਕਿਸਾਨ ਜਥੇਬੰਦੀਆਂ ਦੇ 40 ਆਗੂਆਂ ਨੇ ਕਿਹਾ ਕਿ ਸਾਡੇ ਕੋਲ ਇਕ ਸਾਲ ਦਾ ਰਾਸ਼ਨ ਹੈ। ਸਰਕਾਰ ਨੂੰ ਤੈਅ ਕਰਨਾ ਹੈ ਕਿ ਉਹ ਕੀ ਚਾਹੁੰਦੀ ਹੈ। ਕਿਸਾਨ ਆਗੂਆਂ ਨੇ ਸਰਕਾਰ ਨੂੰ ਕਿਹਾ ਹੈ ਕਿ ਤੁਸੀਂ ਦੱਸੋ ਕਿ ਤੁਸੀਂ ਸਾਡੀਆਂ ਮੰਗਾਂ ਪੂਰੀਆਂ ਕਰੋਗੇ ਜਾਂ ਨਹੀਂ। ਚਰਚਾ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਤਿੰਨੋਂ ਕਾਨੂੰਨਾਂ ਅਤੇ ਐੱਮ. ਐੱਸ. ਪੀ. ਦੇ ਮੁੱਦਾ ਨੂੰ ਮੰਨਣਾ ਹੀ ਪਵੇਗਾ। ਇਸ ਤੋਂ ਘੱਟ 'ਤੇ ਅਸੀਂ ਨਹੀਂ ਮੰਨਾਂਗੇ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਤੋਂ ਚਰਚਾ ਨਹੀਂ, ਠੋਸ ਜਵਾਬ ਚਾਹੁੰਦੇ ਹਾਂ ਉਹ ਵੀ ਲਿਖਤੀ ਵਿਚ। ਹੁਣ ਤੱਕ ਬਹੁਤ ਚਰਚਾ ਹੋ ਚੁੱਕੀ ਹੈ।
ਨੋਟ: ਕੀ ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਣਾ ਸਹੀ ਹੈ? ਕੁਮੈਂਟ ਬਾਕਸ 'ਚ ਦਿਓ ਰਾਇ