ਲਖੀਮਪੁਰ ਖੀਰੀ ਘਟਨਾ ਨਾਲ ਜੁੜੀ ਵੱਡੀ ਖ਼ਬਰ, ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ

Monday, Oct 04, 2021 - 12:57 PM (IST)

ਲਖੀਮਪੁਰ ਖੀਰੀ ਘਟਨਾ ਨਾਲ ਜੁੜੀ ਵੱਡੀ ਖ਼ਬਰ, ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ

ਲਖਨਊ- ਲਖੀਮਪੁਰ ਖੀਰੀ ’ਚ ਹਿੰਸਾ ’ਚ ਕਿਸਾਨਾਂ ਦੀ ਮੌਤ ਤੋਂ ਬਾਅਦ ਉੱਤਰ ਪ੍ਰਦੇਸ਼ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਿਸਾਨਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਅਵਸਥੀ ਨੇ ਸੋਮਵਾਰ ਨੂੰ ਦੱਸਿਆ,‘‘ਸਮਝੌਤੇ ਦੇ ਅਧੀਨ ਲਖੀਮਪੁਰ ’ਚ ਮਾਰੇ ਗਏ 4 ਕਿਸਾਨਾਂ ਦੇ ਪਰਿਵਾਰਾਂ ਨੂੰ 45-45 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਰਿਵਾਰ ਦੇ ਇਕ ਮੈਂਬਰ ਨੂੰ ਸਥਾਨਕ ਪੱਧਰ ’ਤੇ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ। ਜਦੋਂ ਕਿ ਜ਼ਖਮੀਆਂ ਨੂੰ ਬਿਹਤਰ ਇਲਾਜ ਲਈ 10-10 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਕਿਸਾਨਾਂ ਦੀ ਮੰਗ ’ਤੇ ਮਾਮਲੇ ਦੀ ਨਿਆਇਕ ਜਾਂਚ ਹਾਈ ਕੋਰਟ ਦੇ ਛੁੱਟੀ ਪ੍ਰਾਪਤ ਜੱਜ ਤੋਂ ਕਰਵਾਈ ਜਾਵੇਗੀ।’’ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ’ਤੇ ਪੂਰੇ ਮਾਮਲੇ ਦੀ ਪ੍ਰਭਾਵੀ ਜਾਂਚ ਜਲਦ ਤੋਂ ਜਲਦ ਕਰਵਾਈ ਜਾਵੇਗੀ। 

ਇਹ ਵੀ ਪੜ੍ਹੋ : ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਣ ਤੱਕ ਨਹੀਂ ਕਰਾਂਗੇ ਸ਼ਹੀਦ ਕਿਸਾਨਾਂ ਦਾ ਅੰਤਿਮ ਸੰਸਕਾਰ : ਰਾਕੇਸ਼ ਟਿਕੈਤ

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਦੌਰੇ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਦੌਰਾਨ ਐਤਵਾਰ ਨੂੰ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੋਨੀਆ ਖੇਤਰ ਵਿਚ ਹੋਈ ਹਿੰਸਾ ਵਿਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਤਿਕੋਨੀਆ-ਬਨਬੀਰਪੁਰ ਸੜਕ 'ਤੇ ਵਾਪਰੀ। ਉਪ ਮੁੱਖ ਮੰਤਰੀ ਨੂੰ ਘਟਨਾ ਸਥਾਨ 'ਤੇ ਲਿਆਉਣ ਲਈ ਜਾ ਰਹੇ ਭਾਜਪਾ ਵਰਕਰਾਂ ਦੇ ਦੋ ਵਾਹਨਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਥਿਤ ਤੌਰ 'ਤੇ ਟੱਕਰ ਮਾਰਨ ਤੋਂ ਬਾਅਦ ਗੁੱਸੇ ਵਿਚ ਆਏ ਕਿਸਾਨਾਂ ਨੇ ਦੋਹਾਂ ਵਾਹਨਾਂ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਵਿਚ 4 ਕਿਸਾਨਾਂ ਅਤੇ ਵਾਹਨਾਂ ਵਿਚ ਸਵਾਰ 4 ਹੋਰ ਲੋਕਾਂ ਦੀ ਮੌਤ ਹੋ ਗਈ। ਕਿਸਾਨ ਮੌਰੀਆ ਦੀ ਬਨਬੀਰਪੁਰ ਫੇਰੀ ਦਾ ਵਿਰੋਧ ਕਰ ਰਹੇ ਸਨ, ਜੋ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਖੀਰੀ ਤੋਂ ਸੰਸਦ ਮੈਂਬਰ ਅਜੈ ਕੁਮਾਰ ਮਿਸ਼ਰਾ ਦਾ ਜੱਦੀ ਪਿੰਡ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News