ਕਿਸਾਨ ਅੰਦਲੋਨ: ਕੇਂਦਰ ਦੇ ਗੱਲਬਾਤ ਦੇ ਸੱਦੇ ''ਤੇ ਚਰਚਾ ਲਈ ਕਿਸਾਨ ਜਥੇਬੰਦੀਆਂ ਨੇ ਬੁਲਾਈ ਬੈਠਕ
Tuesday, Dec 01, 2020 - 10:50 AM (IST)
ਨਵੀਂ ਦਿੱਲੀ— ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੇ ਬਾਰਡਰਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਨੇ ਕੇਂਦਰ ਦੇ ਗੱਲਬਾਤ ਦੇ ਪ੍ਰਸਤਾਵ 'ਤੇ ਚਰਚਾ ਕਰਨ ਲਈ ਮੰਗਲਵਾਰ ਨੂੰ ਇਕ ਬੈਠਕ ਬੁਲਾਈ ਹੈ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸੋਮਵਾਰ ਨੂੰ ਕੋਵਿਡ-19 ਅਤੇ ਠੰਡ ਦਾ ਹਵਾਲਾ ਦਿੰਦੇ ਹੋਏ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨੂੰ 3 ਦਸੰਬਰ ਦੀ ਬਜਾਏ ਮੰਗਲਵਾਰ ਨੂੰ ਹੀ ਗੱਲਬਾਤ ਲਈ ਬੁਲਾਇਆ ਹੈ। ਕਿਸਾਨ ਨੇਤਾ ਬਲਜੀਤ ਸਿੰਘ ਮਹਲ ਨੇ ਕਿਹਾ ਕਿ ਕੇਂਦਰ ਦਾ ਪ੍ਰਸਤਾਵ ਸਵੀਕਾਰ ਕਰੀਏ ਜਾਂ ਨਹੀਂ, ਇਸ 'ਤੇ ਚਰਚਾ ਲਈ ਅੱਜ ਇਕ ਬੈਠਕ ਕਰ ਰਹੇ ਹਾਂ।
ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਹਜ਼ਾਰਾਂ ਕਿਸਾਨ ਦਿੱਲੀ ਨਾਲ ਲੱਗਦੇ ਬਾਰਡਰਾਂ 'ਤੇ ਮੰਗਲਵਾਰ ਨੂੰ ਲਗਾਤਾਰ 6ਵੇਂ ਦਿਨ ਡਟੇ ਹਨ। ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਇਨ੍ਹਾਂ ਕਾਨੂੰਨਾਂ ਕਾਰਨ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਖਤਮ ਹੋ ਜਾਵੇਗਾ। ਤੋਮਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਕੋਵਿਡ-19 ਅਤੇ ਠੰਡ ਨੂੰ ਵੇਖਦਿਆਂ ਅਸੀਂ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨੂੰ ਤੈਅ ਸਮਾਂ 3 ਦਸੰਬਰ ਦੀ ਬੈਠਕ ਤੋਂ ਪਹਿਲਾਂ ਚਰਚਾ ਲਈ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਬੈਠਕ 1 ਦਸੰਬਰ ਨੂੰ ਰਾਸ਼ਟਰੀ ਰਾਜਧਾਨੀ ਸਥਿਤ ਵਿਗਿਆਨ ਭਵਨ 'ਚ ਦੁਪਹਿਰ 3 ਵਜੇ ਬੁਲਾਈ ਗਈ ਹੈ। ਉਨ੍ਹਾਂ ਦੱਸਿਆ ਕਿ 13 ਨਵੰਬਰ ਨੂੰ ਹੋਈ ਬੈਠਕ ਵਿਚ ਸ਼ਾਮਲ ਸਾਰੇ ਕਿਸਾਨ ਨੇਤਾਵਾਂ ਨੂੰ ਇਸ ਵਾਰ ਵੀ ਸੱਦਾ ਦਿੱਤਾ ਗਿਆ ਹੈ। ਓਧਰ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਉਹ ਆਪਣਾ ਅੰਦੋਲਨ ਜਾਰੀ ਰੱਖਣਗੇ।