ਜੋ ਕਿਸਾਨ ਨੇਤਾ ਰਾਜਨੀਤੀ ''ਚ ਜਾਣਾ ਚਾਹੁੰਦੇ ਹਨ, ਐੱਸ.ਕੇ.ਐੱਮ. ਛੱਡ ਦੇਣ: ਦਰਸ਼ਨ ਪਾਲ

Thursday, Dec 09, 2021 - 09:48 PM (IST)

ਨਵੀਂ ਦਿੱਲੀ - ਵੱਖ-ਵੱਖ ਕਿਸਾਨ ਸੰਘਾਂ ਦਾ ਸੰਗਠਨ ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਹੁਣ ਇਸ ਸੰਗਠਨ ਨੂੰ ‘ਰਾਸ਼ਟਰੀ ਪੱਧਰ ਦੇ ਮੋਰਚੇ ਦੇ ਤੌਰ 'ਤੇ ਪੇਸ਼ ਕਰਨ ਦੀ ਤਿਆਰੀ ਕਰੇਗਾ ਅਤੇ ਜੋ ਕਿਸਾਨ ਨੇਤਾ ਰਾਜਨੀਤੀ ਵਿੱਚ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਸੰਗਠਨ ਨੂੰ ਛੱਡ ਦੇਣਾ ਚਾਹੀਦਾ ਹੈ। ਇਹ ਕਹਿਣਾ ਹੈ ਐੱਸ.ਕੇ.ਐੱਮ. ਦੀ ਕੋਰ ਕਮੇਟੀ ਦੇ ਮੈਂਬਰ ਦਰਸ਼ਨ ਪਾਲ ਦਾ। ਪਾਲ ਨੇ ਵੀਰਵਾਰ ਨੂੰ ਫਿਰ ਕਿਹਾ ਕਿ ਐੱਸ.ਕੇ.ਐੱਮ. ਨੂੰ ‘ਗੈਰ ਰਾਜਨੀਤਕ ਰਹਿਣਾ ਚਾਹੀਦਾ ਹੈ। ਪਾਲ ਦੀ ਟਿੱਪਣੀ ਐੱਸ.ਕੇ.ਐੱਮ. ਦੁਆਰਾ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਸਾਲ ਭਰ ਤੋਂ ਚੱਲ ਰਹੇ ਅੰਦੋਲਨ ਨੂੰ ਮੁਲਤਵੀ ਕਰਨ ਦੇ ਫੈਸਲੇ ਤੋਂ ਬਾਅਦ ਆਈ ਹੈ। ਸੰਗਠਨ ਨੇ ਅਗਲੇ ਸਾਲ 15 ਜਨਵਰੀ ਨੂੰ ਇੱਕ ਬੈਠਕ ਬੁਲਾਈ ਹੈ ਜਿਸ ਵਿੱਚ ਵੇਖਿਆ ਜਾਵੇਗਾ ਕਿ ਕੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਹੈ ਜਾਂ ਨਹੀਂ।

ਇਹ ਵੀ ਪੜ੍ਹੋ - ਓਮੀਕਰੋਨ ਦਾ ਖ਼ਤਰਾ, 31 ਜਨਵਰੀ ਤੱਕ ਅੰਤਰਰਾਸ਼ਟਰੀ ਉਡਾਣਾਂ ਰਹਿਣਗੀਆਂ ਬੰਦ

ਪਾਲ ਨੇ ਕਿਹਾ, “15 ਜਨਵਰੀ ਦੀ ਬੈਠਕ ਵਿੱਚ ਇਹ ਵੀ ਚਰਚਾ ਹੋਵੇਗੀ ਕਿ ਐੱਸ.ਕੇ.ਐੱਮ. ਨੂੰ ਰਾਸ਼ਟਰੀ ਪੱਧਰ ਦੇ ਮੋਰਚੇ ਦੇ ਰੂਪ ਵਿੱਚ ਕਿਵੇਂ ਪੇਸ਼ ਕੀਤਾ ਜਾਵੇ। ਜੋ ਕਿਸਾਨ ਨੇਤਾ ਰਾਜਨੀਤੀ ਵਿੱਚ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਐੱਸ.ਕੇ.ਐੱਮ. ਛੱਡ ਦੇਣਾ ਚਾਹੀਦਾ ਹੈ। ਐੱਸ.ਕੇ.ਐੱਮ. ਗੈਰ ਰਾਜਨੀਤਕ ਰਹੇਗਾ।” ਉਨ੍ਹਾਂ ਕਿਹਾ ਕਿ ਐੱਸ.ਕੇ.ਐੱਮ. ਨੇ 19 ਨਵੰਬਰ ਨੂੰ 60 ਫ਼ੀਸਦੀ ਜਿੱਤ ਹਾਸਲ ਕੀਤੀ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਘੋਸ਼ਣਾ ਕੀਤੀ ਸੀ ਅਤੇ ਵੀਰਵਾਰ ਨੂੰ 35 ਫ਼ੀਸਦੀ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਬਾਕੀ ਪੰਜ ਫ਼ੀਸਦੀ ਜਿੱਤ ਉਦੋਂ ਪ੍ਰਾਪਤ ਹੋਵੇਗੀ ਜਦੋਂ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਪਾਲ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਹਾਲਤ ਬਦਲਣ ਲਈ ਕਿਸਾਨਾਂ ਨੂੰ ਹੁਣ ਇੱਕ ਦਬਾਅ ਸਮੂਹ ਬਣਾਉਣਾ ਚਾਹੀਦਾ ਹੈ ਨਹੀਂ ਕਿ ਰਾਜਨੀਤਕ ਦਲ। ਐੱਸ.ਕੇ.ਐੱਮ. ਵਿੱਚ 40 ਕਿਸਾਨ ਸੰਘ ਸ਼ਾਮਲ ਹਨ ਅਤੇ ਇਸ ਨੇ ਤਿੰਨ ਖੇਤੀਬਾੜੀ ਕਾਨੂੰਨਾਂ  ਖ਼ਿਲਾਫ਼ ਅੰਦੋਲਨ ਦੀ ਅਗਵਾਈ ਕੀਤੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News