ਯੋਗੀ ਨੂੰ ਮਿਲਿਆ ਕਮਲੇਸ਼ ਤਿਵਾੜੀ ਦਾ ਪਰਿਵਾਰ, ਕਾਤਲਾਂ ਲਈ ਫਾਂਸੀ ਦੀ ਕੀਤੀ ਮੰਗ

10/20/2019 4:07:58 PM

ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਲਖਨਊ 'ਚ ਮਾਰੇ ਗਏ ਹਿੰਦੂ ਸਮਾਜ ਪਾਰਟੀ ਦੇ ਨੇਤਾ ਕਮਲੇਸ਼ ਤਿਵਾੜੀ ਦੇ ਪਰਿਵਾਰ ਨਾਲ ਐਤਵਾਰ ਨੂੰ ਮੁਲਾਕਾਤ ਕੀਤੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਆਪਣੇ ਘਰ 'ਚ ਤਿਵਾੜੀ ਦੀ ਮਾਂ ਕੁਸੁਮਾ, ਪਤਨੀ ਕਿਰਨ ਤਿਵਾੜੀ ਅਤੇ ਉਨ੍ਹਾਂ ਦੇ ਬੇਟੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੀੜਤ ਦੀ ਪਤਨੀ ਨੇ ਆਪਣੇ ਪਤੀ ਦੇ ਕਾਤਲਾਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। 

ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਤਿਵਾੜੀ ਦੀ ਪਤਨੀ ਕਿਰਨ ਨੇ ਦੱਸਿਆ ਕਿ ਯੋਗੀ ਨੇ ਹਰ ਸੰਭਵ ਕਾਰਵਾਈ ਦਾ ਭਰੋਸਾ ਦਿੱਤਾ ਹੈ। ਅਸੀਂ ਉਨ੍ਹਾਂ ਨਾਲ ਹੋਈ ਮੁਲਾਕਾਤ ਤੋਂ ਸੰਤੁਸ਼ਟ ਹਾਂ। ਸਾਡੀ ਮੰਗ ਸੀ ਕਿ ਕਾਤਲ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਦੇ ਸਿਲਸਿਲੇ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇੱਥੇ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਤਿਵਾੜੀ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ, ਪਰਿਵਾਰ ਨੂੰ ਸੁਰੱਖਿਆ ਦੇਣ ਲਈ ਲਾਇਸੈਂਸੀ ਹਥਿਆਰ ਦੇਣ ਦਾ ਵਾਅਦਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਹਿੰਦੂ ਸਮਾਜ ਪਾਰਟੀ ਦੇ ਨੇਤਾ ਕਮਲੇਸ਼ ਤਿਵਾੜੀ ਦੀ ਸ਼ੁੱਕਰਵਾਰ ਨੂੰ ਨਾਕਾ ਹਿੰਡੋਲਾ ਸਥਿਤ ਖੁਰਸ਼ੀਦਬਾਗ ਇਲਾਕੇ ਵਿਚ ਉਨ੍ਹਾਂ ਦੇ ਘਰ ਅੰਦਰ ਗਲਾ ਵੱਢ ਕੇ ਅਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਕਾਂਡ 'ਚ 3 ਦੋਸ਼ੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਮਾਮਲੇ ਦੀ ਜਾਂਚ ਲਈ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ।


Tanu

Content Editor

Related News