ਪਰਿਵਾਰ ਰਾਤ ਭਰ ਦੇਖਦਾ ਰਿਹਾ ਬੇਟੀ ਦੀ ਲਾਸ਼
Saturday, Jan 06, 2018 - 04:00 PM (IST)

ਇੰਦੌਰ— ਮੱਧ ਪ੍ਰਦੇਸ਼ ਦੇ ਇੰਦੌਰ 'ਚ ਸ਼ੁੱਕਰਵਾਰ ਨੂੰ ਹੋਏ ਭਿਆਨਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਬਣੇ ਤਿੰਨਾਂ ਮਾਸੂਮਾਂ ਨੂੰ ਸ਼ਨੀਵਾਰ ਨੂੰ ਉਨ੍ਹਾਂ ਦੇ ਪਰਿਵਾਰ ਸਮੇਤ ਪੂਰੇ ਸ਼ਹਿਰ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਤਿੰਨਾਂ ਬੱਚਿਆਂ ਦੀ ਵੱਖ-ਵੱਖ ਸ਼ਵ ਯਾਤਰਾ ਰੀਜਨਲ ਪਾਰਕ ਮੁਕਤੀ ਧਾਮ ਪੁੱਜੀ। ਬੱਚਿਆਂ ਨੂੰ ਉਨ੍ਹਾਂ ਦੇ ਆਖਰੀ ਸਫ਼ਰ ਤੱਕ ਲਿਜਾਉਣ ਵਾਲੀਆਂ ਗੱਡੀਆਂ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਬੱਚਿਆਂ ਦੇ ਅੰਤਿਮ ਸੰਸਕਾਰ 'ਚ ਭਾਰੀ ਗਿਣਤੀ 'ਚ ਸ਼ਹਿਰ ਦੇ ਲੋਕ ਪੁੱਜੇ। ਇਸ ਦੌਰਾਨ ਸ਼ਨੀਵਾਰ ਦੀ ਸਵੇਰ ਤੋਂ ਪ੍ਰਦੇਸ਼ ਦੀ ਵਪਾਰਕ ਰਾਜਧਾਨੀ ਇੰਦੌਰ ਦੇ ਸਾਰੇ ਸਕੂਲ ਬੰਦ ਰਹੇ। ਸ਼ਹਿਰ ਦੇ ਸਾਰੇ ਬਾਜ਼ਾਰ ਵੀ ਬੰਦ ਰਹੇ। ਇੰਦੌਰ ਦੇ ਮੁੱਖ ਬਾਜ਼ਾਰ ਸਰਾਫਾ, ਕੱਪੜਾ ਬਾਜ਼ਾਰ, ਐੱਮ.ਜੀ. ਰੋਡ, ਖਾਤੀਵਾਲਾ ਟੈਂਕ ਦੇ ਸਾਰੇ ਵਪਾਰੀਆਂ ਨੇ ਆਪਣੇ ਕਾਰੋਬਾਰ ਬੰਦ ਰੱਖੇ।
20 ਸਾਲ ਦੀਆਂ ਮੰਨਤਾਂ ਤੋਂ ਬਾਅਦ ਹੋਇਆ ਸੀ ਸ਼ਰੂਤੀ ਦਾ ਜਨਮ
ਹਾਦਸੇ 'ਚ ਮ੍ਰਿਤ ਮਾਸੂਮ ਸ਼ਰੂਤੀ ਦੇ ਚਾਚਾ ਮੋਹਨ ਲੁਧਿਆਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਬੇਟੀ ਦੀ ਮੌਤ ਦੀ ਖਬਰ ਆਈ ਤਾਂ ਕਿਸੇ ਨੂੰ ਵੀ ਯਕੀਨ ਨਹੀਂ ਹੋਇਆ। ਉਨ੍ਹਾਂ ਨੇ ਦੱਸਿਆ ਕਿ ਸ਼ਰੂਤੀ ਦਾ ਜਨਮ 20 ਸਾਲਾਂ ਦੀ ਮੰਨਤਾਂ ਤੋਂ ਬਾਅਦ ਹੋਇਆ ਸੀ। ਰਾਤ ਨੂੰ ਪੋਸਟਮਾਰਟਮ ਤੋਂ ਬਾਅਦ ਜਦੋਂ ਲਾਸ਼ ਘਰ ਆਈ ਤਾਂ ਚੀਕ ਪੁਕਾਰ ਮਚ ਗਈ। ਰਾਤ ਭਰ ਘਰ 'ਚ ਭਜਨ ਕੀਰਤਨ ਚੱਲਦਾ ਰਿਹਾ ਅਤੇ ਮਾਂ ਬੇਟੀ ਕੋਲ ਬੈਠ ਉਸ ਨੂੰ ਦੇਖਦੀ ਰਹੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਨੂੰ ਕਾਰ 'ਚ ਘੁੰਮਣ ਦਾ ਬਹੁਤ ਸ਼ੌਂਕ ਸੀ, ਇਸ ਲਈ ਉਸ ਦੀ ਆਖਰੀ ਯਾਤਰਾ ਕਾਰ 'ਚ ਕੱਢੀ ਗਈ। ਕਾਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਅਤੇ ਮਾਸੂਮ ਨੂੰ ਮਾਂ ਦੀ ਚੁੰਨੀ ਦੇ ਕੇ ਵਿਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸ਼ਰੂਤੀ ਦੀ ਅੰਤਿਮ ਯਾਤਰਾ ਦੌਰਾਨ ਹਰ ਕਿਸੇ ਦੀਆਂ ਅੱਖਾਂ ਨਮ ਸਨ।
ਸਕੂਲ ਬੱਸ ਦੀ ਹੋਈ ਸੀ ਟਰੱਕ ਨਾਲ ਟੱਕਰ
ਸ਼ੁੱਕਰਵਾਰ ਨੂੰ ਕਨਾਡੀਆ ਥਾਣਾ ਖੇਤਰ ਦੇ ਮਰਦਾਨਾ-ਬਿਚੌਲੀ ਬਾਇਪਾਸ 'ਤੇ ਦਿੱਲੀ ਪਬਲਿਕ ਸਕੂਲ ਤੋਂ 13 ਬੱਚਿਆਂ ਨੂੰ ਲੈ ਕੇ ਘਰਾਂ ਤੱਕ ਆਉਂਦੀ ਸਕੂਲ ਬੱਸ ਸਾਹਮਣੇ ਆ ਰਹੇ ਟਰੱਕ ਨਾਲ ਟਕਰਾ ਗਈ। ਹਾਦਸੇ 'ਚ ਸ਼ਰੂਤੀ ਲੁਧਿਆਨੀ (7), ਹਰਮੀਤ ਕੌਰ (9), ਕ੍ਰੀਤੀ ਅਗਰਵਾਲ (13) ਅਤੇ ਸਵਸਤਿਕ ਪੰਡਯਾ (13) ਦੀ ਮੌਤ ਹੋ ਗਈ ਸੀ। ਚਾਰੇ ਬੱਚੇ ਸਥਾਨਕ ਖਾਤੀਵਾਲਾ ਟੈਂਕ ਵਾਸੀ ਸਨ। ਨਾਲ ਹੀ ਬੱਸ ਚਾਲਕ ਰਾਹੁਲ ਦੀ ਵੀ ਮੌਤ ਹੋ ਗਈ ਸੀ। ਤਿੰਨਾਂ ਬੱਚਿਆਂ ਦਾ ਸ਼ਨੀਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਹਾਦਸੇ ਦਾ ਸ਼ਿਕਾਰ ਬਣੇ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਸਕੂਲ ਪ੍ਰਬੰਧਨ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਸੋਸ਼ਲ ਮੀਡੀਆ ਤੋਂ ਜਾਣਕਾਰੀ ਲੱਗਣ 'ਤੇ ਉਹ ਘੰਟਿਆਂ ਤੱਕ ਆਪਣੇ ਬੱਚਿਆਂ ਦੀ ਤਲਾਸ਼ 'ਚ ਵੱਖ-ਵੱਖ ਹਸਪਤਾਲ ਭਟਕਦੇ ਰਹੇ।