ਦਿੱਲੀ ’ਚ ਨਕਲੀ ਫਾਰਮੇਸੀ ਰਜਿਸਟ੍ਰੇਸ਼ਨ ਗਿਰੋਹ ਦਾ ਪਰਦਾਫਾਸ਼, 46 ਗ੍ਰਿਫ਼ਤਾਰ
Wednesday, Apr 02, 2025 - 10:50 PM (IST)

ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ਏ. ਸੀ. ਬੀ.) ਨੇ ਦਿੱਲੀ ਚ ਇਕ ਜਾਅਲੀ ਫਾਰਮੇਸੀ ਰਜਿਸਟ੍ਰੇਸ਼ਨ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਇਸ ਮਾਮਲੇ ’ਚ ਦਿੱਲੀ ਫਾਰਮੇਸੀ ਕੌਂਸਲ ਦੇ ਸਾਬਕਾ ਰਜਿਸਟਰਾਰ, ਕਲਰਕ, ਦਲਾਲ, ਪ੍ਰਿੰਟਿੰਗ ਦੀ ਇਕ ਦੁਕਾਨ ਦੇ ਮਾਲਕ, ਫਾਰਮੇਸੀ ਕਾਲਜ ਦੇ ਮੁਲਾਜ਼ਮ ਤੇ ਗੈਰ-ਕਾਨੂੰਨੀ ਫਾਰਮਾਸਿਸਟਾਂ ਸਮੇਤ 46 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਹ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਫਾਰਮਾਸਿਸਟਾਂ ਦੀ ਜਾਅਲੀ ਰਜਿਸਟ੍ਰੇਸ਼ਨ ਕਰਦੇ ਸਨ । 4928 ਰਜਿਸਟ੍ਰੇਸ਼ਨਾਂ ’ਚੋਂ 35 ਗੈਰ-ਕਾਨੂੰਨੀ ਪਾਈਆਂ ਗਈਆਂ। ਜੁਆਇੰਟ ਸੀ. ਪੀ. ਮਧੁਰ ਵਰਮਾ ਨੇ ਕਿਹਾ ਕਿ ਪਿਛਲੇ ਸਾਲ 30 ਜਨਵਰੀ ਨੂੰ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੂੰ ਇਕ ਸ਼ਿਕਾਇਤ ਮਿਲੀ ਸੀ ਜਿਸ ’ਚ ਦਿੱਲੀ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਕਿਹਾ ਸੀ ਕਿ ਫਾਰਮਾਸਿਸਟਾਂ ਦੀਆਂ ਵੱਡੀ ਗਿਣਤੀ ’ਚ ਜਾਅਲੀ ਰਜਿਸਟ੍ਰੇਸ਼ਨਾਂ ਕੀਤੀਆਂ ਗਈਆਂ ਹਨ। ਇਸ ਆਧਾਰ ’ਤੇ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੇ ਆਪਣੀ ਜਾਂਚ ਸ਼ੁਰੂ ਕੀਤੀ।
ਇਸ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਸਾਬਕਾ ਰਜਿਸਟਰਾਰ ਕੁਲਦੀਪ ਸਿੰਘ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਕਈ ਫਾਰਮਾਸਿਸਟਾਂ ਦੀ ਰਜਿਸਟ੍ਰੇਸ਼ਨ ਨੂੰ ਗੈਰ-ਕਾਨੂੰਨੀ ਢੰਗ ਨਾਲ ਮਨਜ਼ੂਰੀ ਦਿੱਤੀ ਸੀ।
ਇਹ ਘਪਲਾ ਇਕ ਨਿੱਜੀ ਫਰਮ ਵੀ. ਐੱਮ. ਸੀ. ਵਲੋਂ ਕੀਤਾ ਗਿਆ ਸੀ ਜਿਸ ਨੂੰ ਢੁਕਵੀਂ ਟੈਂਡਰ ਪ੍ਰਕਿਰਿਆ ਤੋਂ ਬਿਨਾਂ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸੌਂਪੀ ਗਈ ਸੀ। ਇਸ ਤੋਂ ਇਲਾਵਾ ਫਾਰਮਾਸਿਸਟ ਸੰਸਥਾ ਨਾਲ ਜੁੜੇ 3 ਵਿਅਕਤੀ ਬਿਨਾਂ ਕਿਸੇ ਠੋਸ ਜਾਂਚ ਤੋਂ ਉਨ੍ਹਾਂ ਦਸਤਾਵੇਜ਼ਾਂ ਦੀ ਅਾਨਲਾਈਨ ਤਸਦੀਕ ਕਰਦੇ ਸਨ ਅਤੇ ਇਸ ਲਈ ਵੱਡੀ ਰਕਮ ਵਸੂਲੀ ਜਾਂਦੀ ਸੀ।
ਕਈ ਜਾਅਲੀ ਦਸਤਾਵੇਜ਼ ਜ਼ਬਤ
ਦਿੱਲੀ ਦੇ ਸ਼ਾਹਾਬਾਦ ਦੇ ਇਕ ਡਿਜ਼ਾਈਨਰ ਨੀਰਜ ਦੀ ਪਛਾਣ ਇਨ੍ਹਾਂ ਜਾਅਲੀ ਦਸਤਾਵੇਜ਼ਾਂ ਤੇ ਸਰਟੀਫਿਕੇਟਾਂ ਨੂੰ ਛਾਪਣ ਦੇ ਸੋਮੇ ਵਜੋਂ ਕੀਤੀ ਗਈ ਹੈ। ਉਸ ਦੇ ਕੰਪਿਊਟਰ ਸਿਸਟਮ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਕਈ ਜਾਅਲੀ ਦਸਤਾਵੇਜ਼ ਤਿਆਰ ਕੀਤੇ ਗਏ ਸਨ।
ਏ. ਸੀ. ਬੀ. ਨੇ ਕਈ ਜਾਅਲੀ ਦਸਤਾਵੇਜ਼ ਜ਼ਬਤ ਕੀਤੇ ਹਨ ਜਿਨ੍ਹਾਂ ’ਚ ਸਿਖਲਾਈ ਸਰਟੀਫਿਕੇਟ ਤੇ ਡਿਪਲੋਮੇ ਅਤੇ ਜਾਅਲੀ ਸਰਟੀਫਿਕੇਟ ਛਾਪਣ ਲਈ ਵਰਤਿਆ ਜਾਣ ਵਾਲਾ ਕੰਪਿਊਟਰ ਸਿਸਟਮ/ਪ੍ਰਿੰਟਰ ਸ਼ਾਮਲ ਹੈ।
ਇਸ ਤੋਂ ਇਲਾਵਾ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਦਿੱਲੀ ’ਚ ਵੱਡੀ ਗਿਣਤੀ ’ਚ ਫਾਰਮਾਸਿਸਟ ਅਤੇ ਕੈਮਿਸਟ ਜਾਅਲੀ ਰਜਿਸਟ੍ਰੇਸ਼ਨਾਂ ਦੇ ਆਧਾਰ ’ਤੇ ਆਪਣੇ ਕਾਰੋਬਾਰ ਚਲਾ ਰਹੇ ਹਨ। ਇਨ੍ਹਾਂ ’ਚੋਂ ਕੁਝ ਨੇ ਦਸਵੀਂ ਵੀ ਪੂਰੀ ਨਹੀਂ ਕੀਤੀ ਹੈ।