IGI ਏਅਰਪੋਰਟ ''ਤੇ ਫਰਜ਼ੀ NIA ਅਧਿਕਾਰੀ ਗ੍ਰਿਫਤਾਰ, 11 ਕਿਲੋ ਡਰੱਗ ਦੇ ਨਾਲ ਫੜੀ ਗਈ ਔਰਤ

Tuesday, Nov 11, 2025 - 05:53 PM (IST)

IGI ਏਅਰਪੋਰਟ ''ਤੇ ਫਰਜ਼ੀ NIA ਅਧਿਕਾਰੀ ਗ੍ਰਿਫਤਾਰ, 11 ਕਿਲੋ ਡਰੱਗ ਦੇ ਨਾਲ ਫੜੀ ਗਈ ਔਰਤ

ਨੈਸ਼ਨਲ ਡੈਸਕ- ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਔਰਤ ਨੇ ਖੁਦ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਅਧਿਕਾਰੀ ਦੱਸ ਕੇ ਡਰੱਗ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ। ਕਸਟਮ ਅਧਿਕਾਰੀਆਂ ਨੇ ਏਅਰਪੋਰਟ ਤੋਂ ਇਸ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ 11.350 ਕਿਲੋ ਹਾਈਡ੍ਰੋਪੋਨਿਕ ਵੀਡ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਔਰਤ ਥਾਈਲੈਂਡ ਤੋਂ ਆਈ ਸੀ ਅਤੇ ਫਿਲਹਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਜਾਣਕਾਰੀ ਮੁਤਾਬਕ, ਦਿੱਲੀ ਏਅਰਪੋਰਟ 'ਤੇ ਏਅਰ ਇੰਟੈਲੀਜੈਂਸ ਯੂਨਿਟ ਦੀ ਟੀਮ ਨੇ ਔਰਤ ਨੂੰ ਫੜਿਆ। ਉਹ ਬੈਂਕਾਕ ਤੋਂ ਫਲਾਈਟ ਨੰਬਰ AI-2335 ਤੋਂ ਦਿੱਲੀ ਪਹੁੰਚੀ ਸੀ। ਜਾਂਚ ਟੀਮ ਨੇ ਪਹਿਲਾਂ ਤੋਂ ਹੀ ਉਸਦੀ ਪ੍ਰੋਫਾਈਲਿੰਗ ਕੀਤੀ ਹੋਈ ਸੀ। ਏਅਰਪੋਰਟ 'ਤੇ ਉਤਰਨ ਤੋਂ ਬਾਅਦ ਔਰਤ ਨੇ ਬਾਥਰੂਮ ਜਾ ਕੇ ਆਪਣੇ ਕੱਪੜੇ ਬਦਲੇ ਅਤੇ ਗ੍ਰੇਅ ਰੰਗ ਦੀ ਜੈਕੇਟ ਪਹਿਨ ਲਈ, ਜਿਸ 'ਤੇ ਐੱਨ.ਆਈ.ਏ. ਅਤੇ ਰਾਸ਼ਟਰੀ ਚਿੰਨ੍ਹ ਬਣਿਆ ਹੋਇਆ ਸੀ, ਤਾਂ ਜੋ ਉਹ ਖੁਦ ਨੂੰ ਸਰਕਾਰੀ ਅਧਿਕਾਰੀ ਦੱਸ ਕੇ ਜਾਂਚ ਤੋਂ ਬਚ ਸਕੇ। 

ਨਕਲੀ ਆਈ.ਡੀ. ਅਤੇ ਝੂਠੀ ਪਛਾਣ

ਗਰੀਨ ਚੈਨਲ ਪਾਰ ਕਰਦੇ ਹੀ ਏ.ਆਈ.ਯੂ. ਅਧਿਕਾਰੀਆਂ ਨੇ ਔਰਤ ਨੂੰ ਰੋਕਿਆ। ਜਦੋਂ ਉਸਦੇ ਬੈਕ ਦੀ ਐਕਸ-ਰੇਅ ਮਸ਼ੀਨ ਰਾਹੀਂ ਜਾਂਚ ਕੀਤੀ ਗਈ ਤਾਂ ਸ਼ੱਕੀ ਸਮੱਗਰੀ ਦਿਖਾਈ ਦਿੱਤੀ। ਪੁੱਛਗਿੱਛ 'ਚ ਔਰਤ ਨੇ ਖੁਦ ਨੂੰ ਐੱਨ.ਆਈ.ਏ. ਅਧਿਕਾਰੀ ਦੱਸਿਆ ਅਤੇ ਬੈਕ ਖੋਲ੍ਹਣ ਤੋਂ ਮਨਾ ਕਰ ਦਿੱਤਾ। ਉਸਨੇ ਆਪਣੀ ਆਈ.ਡੀ. ਵੀ ਦਿਖਾਈ ਜੋ ਕੇ ਨਕਲੀ ਸੀ। 

11 ਕਿਲੋ ਤੋਂ ਵੱਧ ਡਰੱਗ ਬਰਾਮਦ

ਅਧਿਕਾਰੀਆਂ ਨੇ ਜਦੋਂ ਉਸਦਾ ਬੈਗ ਖੋਲ੍ਹਿਆ ਤਾਂ ਉਸ ਵਿੱਚੋਂ 20 ਪੈਕੇਟ ਹਾਈਡ੍ਰੋਪੋਨਿਕ ਵੀਡ ਬਰਾਮਦ ਹੋਈ, ਜਿਸਦਾ ਕੁੱਲ ਭਾਰ 11.350 ਕਿਲੋ ਸੀ। ਇਹ ਪੈਕੇਟ ਛੋਟੇ ਕੱਪੜੇ ਦੇ ਬੈਗਾਂ 'ਚ ਲੁਕਾਏ ਗਏ ਸਨ ਅਤੇ ਉਨ੍ਹਾਂ 'ਤੇ ਵੀ ਐੱਨ.ਆਈ.ਏ. ਅਤੇ ਰਾਸ਼ਟਰੀ ਚਿੰਨ੍ਹ ਬਣਿਆ ਸੀ। ਫਿਲਹਾਲ ਔਰਤ ਨੂੰ ਐੱਨ.ਡੀ.ਪੀ.ਐੱਸ. ਐਕਟ 1985 ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸਤੋਂ ਪੁੱਛਗਿੱਛ ਜਾਰੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਨੈੱਟਵਰਕ 'ਚ ਹੋਰ ਕੌਣ-ਕੌਣ ਸ਼ਾਮਲ ਹੈ। ਕਸਟਮ ਵਿਭਾਗ ਹੁਣ ਇਸ ਪੂਰੇ ਰੈਕੇਟ ਦੀਆਂ ਤਾਰਾਂ ਦੀ ਜਾਂਚ ਕਰ ਰਿਹਾ ਹੈ। 


author

Rakesh

Content Editor

Related News