ਸਾਵਧਾਨ! ਮਾਰਕੀਟ 'ਚ ਆ ਗਿਆ ਸੀਮੈਂਟ ਦਾ ਲਸਣ, ਰੇੜ੍ਹੀਵਾਲੇ ਲੋਕਾਂ ਨੂੰ ਇੰਝ ਲਾ ਰਹੇ ਚੂਨਾ
Sunday, Aug 18, 2024 - 06:24 PM (IST)

ਨੈਸ਼ਨਲ ਡੈਸਕ : ਰਸੋਈ ਵਿਚ ਬੇਹੱਦ ਜ਼ਰੂਰੀ ਲਸਣ ਦੇ ਰੇਟ ਆਸਮਾਨ ਛੂਹ ਰਹੇ ਹਨ। ਲਸਣ ਖਰੀਦਣਾ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਲਸਣ ਦੇ ਕੁਝ ਕਾਲਾਬਾਜ਼ਾਰੀ ਕਰਨ ਵਾਲਿਆਂ ਨੇ ਅਜੀਬ ਤਰੀਕੇ ਨਾਲ ਸ਼ਹਿਰਵਾਸੀਆਂ ਨੂੰ ਧੋਖਾ ਦੇਣ ਦਾ ਕੰਮ ਸ਼ੁਰੂ ਕਰ ਲਿਆ ਹੈ। ਲਸਣ ਦੀ ਕਾਲਾਬਾਜ਼ਾਰੀ ਕਰਨ ਵਾਲੇ ਸੀਮੈਂਟ ਦਾ ਲਸਣ ਵੇਚ ਰਹੇ ਹਨ। ਇਸ ਅਜੀਬ ਧੋਖਾਧੜੀ ਨਾਲ ਗਾਹਕ ਵੀ ਹੈਰਾਨ ਰਹਿ ਗਏ ਹਨ।
ਰੇੜ੍ਹੀਵਾਲੇ ਤੋਂ ਖਰੀਦਿਆ ਇਕ ਕਿਲੋ ਲਸਣ
ਅਕੋਲਾ ਸ਼ਹਿਰ ਦੇ ਇੱਕ ਸੇਵਾਮੁਕਤ ਪੁਲਸ ਕਰਮਚਾਰੀ ਸੁਭਾਸ਼ ਪਾਟਿਲ ਦੀ ਪਤਨੀ ਸੁਧਾਕਰ ਪਾਟਿਲ ਨੇ ਉਨ੍ਹਾਂ ਦੇ ਘਰ ਦੇ ਸਾਹਮਣੇ ਇੱਕ ਰੇੜ੍ਹੀਵਾਲੇ ਤੋਂ ਇੱਕ ਕਿਲੋ ਲਸਣ ਖਰੀਦਿਆ। ਇਸ ਵਿੱਚ ਉਸ ਨੇ ਲਸਣ ਦੀਆਂ ਕਲੀਆਂ ਵੇਖੀਆਂ ਜੋ ਬਿਲਕੁਲ ਲਸਣ ਵਰਗੀਆਂ ਲੱਗਦੀਆਂ ਸਨ। ਪਰ ਇਸ ਦਾ ਛਿਲਕਾ ਨਾ ਹੋਣ ਕਾਰਨ ਜਦੋਂ ਉਸ ਨੇ ਇਸ ਨੂੰ ਚਾਕੂ ਨਾਲ ਕੱਟਿਆ ਤਾਂ ਪਤਾ ਲੱਗਾ ਕਿ ਇਹ ਸੀਮਿੰਟ ਦੀ ਚਿੱਟੀ ਰੰਗਤ ਕਰਕੇ ਨਕਲੀ ਲਸਣ ਤਿਆਰ ਕੀਤਾ ਗਿਆ ਸੀ। ਕਾਲਾਬਾਜ਼ਾਰੀ ਜ਼ਿਆਦਾ ਭਾਰ ਹੋਣ ਕਾਰਨ ਇਸ ਤਰ੍ਹਾਂ ਦੀ ਧੋਖਾਧੜੀ ਕਰ ਰਹੇ ਹਨ। ਇਸ ਲਈ ਗਾਹਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਦੇਖਣ ਵਿਚ ਬਿਲਕੁੱਲ ਅਸਲੀ ਜਿਹਾ
ਅਕੋਲਾ ਸ਼ਹਿਰ ਦੇ ਬਹੁਤੇ ਹਿੱਸਿਆਂ ਵਿਚ ਹਰ ਰੋਜ਼ ਰੇੜ੍ਹਾਵਾਲੇ ਸਬਜ਼ੀ ਵੇਚਣ ਲਈ ਆ ਰਹੇ ਹਨ, ਜਿਨ੍ਹਾਂ ਵਿੱਚੋਂ ਕੋਈ ਨਾ ਕੋਈ ਨਕਲੀ ਲਸਣ ਵੇਚ ਰਿਹਾ ਹੈ। ਸੁਧਾਕਰ ਪਾਟਿਲ ਨੇ ਦੱਸਿਆ ਕਿ ਜਦੋਂ ਉਸ ਨੇ ਰੇੜ੍ਹੀ ਤੋਂ ਲਸਣ ਚੁੱਕਿਆ ਤਾਂ ਲਸਣ ਦੀ ਇੱਕ ਕਲੀ ਬਿਲਕੁਲ ਅਸਲੀ ਲਸਣ ਵਰਗੀ ਲੱਗ ਰਹੀ ਸੀ। ਇਸ ਤੋਂ ਬਾਅਦ ਜਦੋਂ ਉਸ ਨੇ ਚਾਕੂ ਨਾਲ ਲਸਣ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਲਸਣ ਸੀਮਿੈਂਟ ਦਾ ਬਣਿਆ ਹੋਇਆ ਸੀ ਤੇ ਇਸ 'ਤੇ ਚਿੱਟਾ ਰੰਗ ਵੀ ਵਰਤਿਆ ਗਿਆ ਸੀ। ਉਕਤ ਲਸਣ ਦਾ ਭਾਰ ਲਗਭਗ 100 ਗ੍ਰਾਮ ਹੈ।
ਲਸਣ ਦੀ ਕੀਮਤ 300 ਤੋਂ 350 ਰੁਪਏ ਪ੍ਰਤੀ ਕਿਲੋ
ਇਸ ਵੇਲੇ ਅਕੋਲਾ ਸ਼ਹਿਰਾਂ ਵਿੱਚ ਲਸਣ ਦੀ ਕੀਮਤ 300 ਤੋਂ 350 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ ਅਤੇ ਲਸਣ ਦੀ ਕਾਲਾਬਾਜ਼ਾਰੀ ਕਰਨ ਵਾਲੇ ਕੁਝ ਗਰੋਹ ਬਾਜ਼ਾਰ ਵਿੱਚ ਸਰਗਰਮ ਹਨ ਅਤੇ ਇਹ ਗਰੋਹ ਰੇੜ੍ਹੀਵਾਲਿਆਂ ਰਾਹੀਂ ਆਮ ਲੋਕਾਂ ਨਾਲ ਠੱਗੀ ਮਾਰ ਰਹੇ ਹਨ।