ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼
Thursday, Dec 19, 2024 - 11:49 PM (IST)
ਗੁਰੂਗ੍ਰਾਮ — ਗੁਰੂਗ੍ਰਾਮ ਪੁਲਸ ਨੇ ਇਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ ਜੋ ਇਕ ਅਕਾਊਂਟਿੰਗ ਕੰਪਨੀ ਦੀ ਫਰਜ਼ੀ ਵੈੱਬਸਾਈਟ ਬਣਾ ਕੇ ਤਕਨੀਕੀ ਸਹਾਇਤਾ ਦੇਣ ਦੇ ਨਾਂ 'ਤੇ ਅਮਰੀਕੀ ਨਾਗਰਿਕਾਂ ਨੂੰ ਠੱਗ ਰਿਹਾ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫਰਜ਼ੀ ਕਾਲ ਸੈਂਟਰ ਦੇ ਮੈਨੇਜਰ ਅਤੇ ਅੱਠ ਔਰਤਾਂ ਸਮੇਤ ਕੁੱਲ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ 17 ਸੀ.ਪੀ.ਯੂ. ਬਰਾਮਦ ਕੀਤੇ ਗਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਦਯੋਗ ਵਿਹਾਰ ਫੇਜ਼ 2 ਦੇ ਪਲਾਟ ਨੰਬਰ 270 ਤੋਂ ਇੱਕ ਫਰਜ਼ੀ ਕਾਲ ਸੈਂਟਰ ਚਲਾਇਆ ਜਾ ਰਿਹਾ ਹੈ, ਜਿੱਥੇ ਅਮਰੀਕੀ ਲੋਕਾਂ ਨੂੰ ਕਥਿਤ ਤੌਰ 'ਤੇ ਠੱਗਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਨਵੀਨ ਕੁਮਾਰ ਦੀ ਅਗਵਾਈ ਹੇਠ ਸਾਈਬਰ ਪੁਲਸ ਦੀ ਟੀਮ ਨੇ ਗੁਪਤ ਸੂਚਨਾ ਮਿਲਣ ’ਤੇ ਬੀਤੀ ਰਾਤ ਛਾਪੇਮਾਰੀ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਟੀਮ ਉੱਥੇ ਪਹੁੰਚੀ ਤਾਂ ਪੁਰਸ਼ ਅਤੇ ਔਰਤਾਂ ਕੰਪਿਊਟਰ 'ਤੇ ਕੰਮ ਕਰ ਰਹੇ ਸਨ ਅਤੇ ਕਾਲ ਕਰਨ 'ਚ ਰੁੱਝੇ ਹੋਏ ਸਨ। ਪੁਲਸ ਨੇ ਦੱਸਿਆ ਕਿ ਉਹ ਇਕ ਮਸ਼ਹੂਰ ਅਕਾਊਂਟਿੰਗ ਕੰਪਨੀ ਦੇ ਨਾਂ 'ਤੇ ਫਰਜ਼ੀ ਕਾਲ ਸੈਂਟਰ ਚਲਾ ਰਹੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ।