ਪੁੰਛ ’ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, 7 ਆਈ. ਈ. ਡੀ. ਬਰਾਮਦ
Monday, Mar 11, 2024 - 09:49 AM (IST)
ਜੰਮੂ/ਪੁੰਛ- ਸੁਰੱਖਿਆ ਫੋਰਸਾਂ ਨੇ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਇਕ ਜੰਗਲ ’ਚ ਅੱਤਵਾਦੀਆਂ ਦੇ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ। ਜਵਾਨਾਂ ਨੇ 7 ਆਈ. ਈ. ਡੀ. ਬਰਾਮਦ ਕੀਤੇ ਹਨ। ਉੱਥੇ ਹੀ ਇਕ ਵਾਇਰਲੈੱਸ ਸੈੱਟ ਵੀ ਜ਼ਬਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਟਿਕਾਣਾ ਸੁਰਨਕੋਟ ਇਲਾਕੇ ’ਚ ਦਾਰਾ ਸਾਂਗਲਾ ’ਚ ਇਕ ਗੁਫਾ ਦੇ ਅੰਦਰ ਸੀ। ਪੁਲਸ ਅਤੇ ਫੌਜ ਦੀ ਸਾਂਝੀ ਸਰਚ ਟੀਮ ਨੇ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ।
ਟਿਕਾਣੇ ’ਚੋਂ ਕੰਬਲ ਅਤੇ ਕੁਝ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ, ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਲਾਕੇ ’ਚ ਦੋ ਦਹਾਕੇ ਪਹਿਲਾਂ ਸਰਗਰਮ ਅੱਤਵਾਦੀ ਇਸ ਟਿਕਾਣੇ ਦੀ ਵਰਤੋਂ ਕਰਦੇ ਸੀ।