ਜੰਮੂ ਹਵਾਈ ਫ਼ੌਜ ਸਟੇਸ਼ਨ ’ਤੇ ਡਰੋਨ ਹਮਲਾ, ਅੰਬਾਲਾ-ਪਠਾਨਕੋਟ ਏਅਰਬੇਸ ਤੱਕ ਹਾਈ ਅਲਰਟ
Sunday, Jun 27, 2021 - 01:11 PM (IST)
ਜੰਮੂ— ਜੰਮੂ ’ਚ ਭਾਰਤੀ ਹਵਾਈ ਫ਼ੌਜ ਦੇ ਸਟੇਸ਼ਨ ’ਤੇ ਐਤਵਾਰ ਤੜਕੇ ਡਰੋਨ ਹਮਲਾ ਹੋਇਆ, ਜਿਸ ’ਚ 2 ਜਵਾਨ ਜ਼ਖਮੀ ਹੋ ਗਏ। ਰਾਸ਼ਟਰੀ ਸੁਰੱਖਿਆ ਗਾਰਡ (ਐੱਨ. ਐੱਸ. ਜੀ.) ਦਾ ਦਲ ਜਾਂਚ ਲਈ ਘਟਨਾ ਵਾਲੀ ਥਾਂ ’ਤੇ ਪਹੁੰਚ ਗਿਆ ਹੈ। ਅਧਿਕਾਰਤ ਸੂਤਰਾਂ ਮੁਤਾਬਕ ਸ਼ੁਰੂਆਤੀ ਜਾਂਚ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਜੰਮੂ ਹਵਾਈ ਫ਼ੌਜ ਸਟੇਸ਼ਨ ਦੇ ਉੱਚ ਸੁਰੱਖਿਆ ਖੇਤਰ ਵਿਚ ਹੋਏ ਦੋ ਧਮਾਕਿਆਂ ਲਈ ਡਰੋਨ ਦਾ ਇਸਤੇਮਾਲ ਕੀਤਾ ਗਿਆ। ਹੁਣ ਤੱਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਡਰੋਨ ਨਾਲ ਆਈ. ਈ. ਡੀ. ਡਿਗਾਇਆ ਗਿਆ।
ਇਹ ਵੀ ਪੜ੍ਹੋ: ਜੰਮੂ ਹਵਾਈ ਅੱਡੇ 'ਚ ਦੇਰ ਰਾਤ 5 ਮਿੰਟ 'ਚ ਦੋ ਤੇਜ਼ ਧਮਾਕੇ, ਪੂਰਾ ਇਲਾਕਾ ਸੀਲ
ਹਵਾਈ ਫ਼ੌਜ ਅਤੇ ਬਾਰਡਰ ਵਿਚਾਲੇ ਮਹਿਜ 14 ਕਿਲੋਮੀਟਰ ਦੀ ਦੂਰੀ ਹੈ ਅਤੇ ਡਰੋਨ ਜ਼ਰੀਏ 12 ਕਿਲੋਮੀਟਰ ਤੱਕ ਹਥਿਆਰਾਂ ਨੂੰ ਡਿਗਾਇਆ ਜਾ ਸਕਦਾ ਹੈ। ਡਰੋਨ ਹਮਲੇ ਦੇ ਸ਼ੱਕ ਦੇ ਚੱਲਦਿਆਂ ਅੰਬਾਲਾ, ਪਠਾਨਕੋਟ ਅਤੇ ਅਵੰਤੀਪੁਰਾ ਏਅਰਬੇਸ ਨੂੰ ਵੀ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਹਵਾਈ ਫ਼ੌਜ ਨੇ ਟਵੀਟ ਕਰ ਕੇ ਕਿਹਾ ਕਿ ਜੰਮੂ ਹਵਾਈ ਫ਼ੌਜ ਸਟੇਸ਼ਨ ਦੇ ਤਕਨੀਕੀ ਖੇਤਰ ਵਿਚ ਐਤਵਾਰ ਤੜਕੇ ਦੋ ਘੱਟ ਤੀਬਰਤਾ ਵਾਲੇ ਧਮਾਕਿਆਂ ਦੀ ਸੂਚਨਾ ਮਿਲੀ। ਪਹਿਲੇ ਧਮਾਕੇ ਤੋਂ ਇਕ ਇਮਾਰਤ ਦੀ ਛੱਤ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ, ਜਦਕਿ ਦੂਜਾ ਧਮਾਕਾ ਖੁੱਲ੍ਹੇ ਖੇਤਰ ਵਿਚ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਧਮਾਕੇ ਸਿਰਫ਼ 5 ਮਿੰਟ ਦੇ ਅੰਤਰਾਲ ’ਤੇ ਹੋਏ। ਇਸ ਘਟਨਾ ਵਿਚ ਹਵਾਈ ਫ਼ੌਜ ਦੇ ਦੋ ਜਵਾਨ ਡਬਲਿਊ ਓ. ਅਰਵਿੰਦ ਅਤੇ ਐੱਲ. ਏ. ਸੀ. ਐੱਸ. ਕੇ. ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਐੱਨ. ਐੱਸ. ਜੀ. ਦਲ ਘਟਨਾ ਵਾਲੀ ਥਾਂ ’ਤੇ ਪਹੁੰਚ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਰ ਜਾਂਚ ਏਜੰਸੀਆਂ ਵੀ ਜਾਂਚ ’ਚ ਸ਼ਾਮਲ ਹੋ ਗਈਆਂ ਹਨ। ਧਮਾਕੇ ਤੋਂ ਬਾਅਦ ਜੰਮੁੂ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਲਈ ਹੈ। ਇਹ ਐੱਫ. ਆਈ. ਆਰ. ਯੂ. ਏ. ਪੀ.ਏ. ਦੀ ਧਾਰਾ 16,18 ਅਤੇ ਐਕਸਪਲੋਸਿਵ ਐਕਟ ਤਹਿਤ ਦਰਜ ਹੋਈ ਹੈ। ਇਸ ਮਾਮਲੇ ਦੀ ਜਾਂਚ ਹੁਣ ਅੱਤਵਾਦੀ ਹਮਲੇ ਵਾਂਗ ਕੀਤੀ ਜਾਵੇਗੀ।