ਜ਼ਬਰਦਸਤ ਧਮਾਕੇ ਨਾਲ ਕੰਬ ਗਿਆ ਇਲਾਕਾ ! ਘਰਾਂ ''ਚ ਆ ਗਈਆਂ ਤਰੇੜਾਂ, ਲੋਕਾਂ ਦੇ ਸੁੱਕੇ ਸਾਹ
Monday, May 19, 2025 - 02:45 PM (IST)

ਕੋਲਕਾਤਾ- ਪੱਛਮੀ ਬੰਗਾਲ ਵਿਚ ਕੋਲਕਾਤਾ ਨੇੜੇ ਟੀਟਾਗੜ੍ਹ 'ਚ ਸੋਮਵਾਰ ਨੂੰ ਇਕ ਫਲੈਟ ਵਿਚ ਧਮਾਕਾ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਟੀਟਾਗੜ੍ਹ ਨਗਰ ਪਾਲਿਕਾ ਦੇ ਵਾਰਡ ਨੰਬਰ-4 ਵਿਚ ਵਾਪਰਿਆ। ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਫੈਲ ਗਈ। ਪੁਲਸ ਮੁਤਾਬਕ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਫਲੈਟ ਤ੍ਰਿਣਮੂਲ ਕਾਂਗਰਸ ਦੇ ਸਥਾਨਕ ਕੌਂਸਲਰ ਅਰਮਾਨ ਮੰਡਲ ਨੇ ਕਿਰਾਏ 'ਤੇ ਲਿਆ ਸੀ।
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਤਾਂ ਫਲੈਟ ਦੇ ਅੰਦਰ ਕੋਈ ਮੌਜੂਦ ਨਹੀਂ ਸੀ। ਹਾਲਾਂਕਿ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਧਮਾਕੇ ਕਾਰਨ ਫਲੈਟ ਦੀਆਂ ਕੰਧਾਂ ਉੱਡ ਗਈਆਂ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਫਲੈਟ ਅੰਦਰ ਰੱਖੇ ਕੁਝ ਵਿਸਫੋਟਕਾਂ ਕਾਰਨ ਧਮਾਕਾ ਹੋਇਆ। ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਓਧਰ DCP ਆਈ.ਬੀ. ਝਾਅ ਕਹਿੰਦੇ ਹਨ ਕਿ ਅੱਜ ਸਵੇਰੇ ਟੀਟਾਗੜ੍ਹ ਪੁਲਸ ਸਟੇਸ਼ਨ ਨੂੰ ਧਮਾਕੇ ਦੀ ਘਟਨਾ ਬਾਰੇ ਸੂਚਨਾ ਮਿਲੀ। ਪੁਲਸ ਟੀਮ ਮੌਕੇ 'ਤੇ ਪਹੁੰਚੀ, ਇਲਾਕੇ ਨੂੰ ਘੇਰ ਲਿਆ ਅਤੇ FSL ਟੀਮ ਨੂੰ ਬੁਲਾਇਆ। ਉਨ੍ਹਾਂ ਕਿਹਾ ਕਿ ਸਾਡੇ ਕੋਲ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਜਿਸ ਫਲੈਟ ਵਿਚ ਇਹ ਘਟਨਾ ਵਾਪਰੀ ਉਹ ਖਾਲੀ ਸੀ। ਅਸੀਂ ਜਾਂਚ ਕਰ ਰਹੇ ਹਾਂ ਕਿ ਇਹ ਫਲੈਟ ਕਿਸ ਦੇ ਕਬਜ਼ੇ ਵਿਚ ਸੀ।