ਜੰਮੂ ਹਵਾਈ ਅੱਡੇ 'ਚ ਦੇਰ ਰਾਤ 5 ਮਿੰਟ 'ਚ ਦੋ ਤੇਜ਼ ਧਮਾਕੇ, ਪੂਰਾ ਇਲਾਕਾ ਸੀਲ
Sunday, Jun 27, 2021 - 08:31 AM (IST)
ਜੰਮੂ- ਜੰਮੂ ਏਅਰਪੋਰਟ ਕੰਪਲੈਕਸ ਦੇ ਤਕਨੀਕੀ ਖੇਤਰ ਵਿਚ ਦੇਰ ਰਾਤ ਤੇਜ਼ ਧਮਾਕੇ ਹੋਣ ਦੀਆਂ ਖਬਰਾਂ ਹਨ। ਰਿਪੋਰਟਾਂ ਮੁਤਾਬਕ, ਜੰਮੂ ਹਵਾਈ ਅੱਡੇ ਦੇ ਬਹੁਤ ਜ਼ਿਆਦਾ ਸੁਰੱਖਿਅਤ ਤਕਨੀਕੀ ਖੇਤਰ ਵਿਚ ਸ਼ਨੀਵਾਰ ਦੇਰ ਰਾਤ ਪੰਜ ਮਿੰਟ ਦੇ ਅੰਤਰਾਲ ਵਿਚ ਦੋ ਧਮਾਕੇ ਹੋਏ।
Jammu and Kashmir: Explosion heard inside Jammu airport's technical area; forensic team reaches the spot
— ANI (@ANI) June 27, 2021
Details awaited pic.twitter.com/duWctZvCNx
ਪੁਲਸ, ਬੰਬ ਨੂੰ ਬੇਅਸਰ ਕਰਨ ਵਾਲੇ ਦਸਤੇ ਅਤੇ ਫੋਰੈਂਸਿਕ ਟੀਮਾਂ ਮੌਕੇ 'ਤੇ ਮੌਜੂਦ ਹਨ। ਰਿਪੋਰਟਾਂ ਮੁਤਾਬਕ, ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕੇ ਦੇਰ ਰਾਤ ਤਕਰੀਬਨ 2.15 ਵਜੇ ਹੋਏ। ਪਹਿਲੇ ਧਮਾਕੇ ਕਾਰਨ ਇਕ ਇਮਾਰਤ ਦੀ ਛੱਤ ਡਿੱਗ ਗਈ ਅਤੇ ਦੂਜਾ ਧਮਾਕਾ ਜ਼ਮੀਨ 'ਤੇ ਹੋਇਆ।
ਹੁਣ ਤੱਕ ਇਸ ਗੱਲ ਦੀ ਖ਼ਬਰ ਨਹੀਂ ਹੈ ਕਿ ਧਮਾਕਾ ਕਿਸ ਕਾਰਨ ਹੋਇਆ। ਇਸ ਵਿਚਕਾਰ ਜੰਮੂ ਦੇ ਤ੍ਰਿਕੁਤਾ ਨਗਰ ਥਾਣੇ ਵਿਚ ਵੇਵ ਮਾਲ ਦੇ ਨੇੜੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਅੱਤਵਾਦੀ ਦਾ ਨਾਮ ਨਦੀਮ ਦੱਸਿਆ ਜਾ ਰਿਹਾ ਹੈ। ਪੁਲਸ ਅਨੁਸਾਰ, ਅੱਤਵਾਦੀ ਕੋਲੋਂ 5 ਕਿੱਲੋ ਦਾ ਆਈ. ਈ. ਡੀ. ਬਰਾਮਦ ਹੋਇਆ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਇਸ ਅੱਤਵਾਦੀ ਦਾ ਜੰਮੂ ਏਅਰਪੋਰਟ ‘ਤੇ ਵਾਪਰੀ ਘਟਨਾ ਨਾਲ ਕੋਈ ਸਬੰਧ ਹੈ ਜਾਂ ਨਹੀਂ। ਰਿਪੋਰਟਾਂ ਮੁਤਾਬਕ, ਪੀ. ਆਰ. ਓ. ਡਿਫੈਂਸ ਨੇ ਕਿਹਾ ਕਿ ਕਿਸੇ ਵੀ ਜਵਾਨ ਨੂੰ ਕੋਈ ਸੱਟ ਨਹੀਂ ਲੱਗੀ ਹੈ ਅਤੇ ਨਾ ਹੀ ਕਿਸੇ ਸਾਧਨ ਨੂੰ ਨੁਕਸਾਨ ਪਹੁੰਚਿਆ ਹੈ। ਧਮਾਕਿਆਂ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।