ਹਰਿਆਣਾ ਕੈਬਨਿਟ ਦਾ ਵਿਸਥਾਰ; ਦੋ ਮੰਤਰੀਆਂ ਨੇ ਰਾਜਭਵਨ ’ਚ ਚੁਕੀ ਸਹੁੰ, ਖੱਟੜ ਬੋਲੇ- ਸਾਡੀ ਗਿਣਤੀ ਪੂਰੀ

Tuesday, Dec 28, 2021 - 06:07 PM (IST)

ਹਰਿਆਣਾ ਕੈਬਨਿਟ ਦਾ ਵਿਸਥਾਰ; ਦੋ ਮੰਤਰੀਆਂ ਨੇ ਰਾਜਭਵਨ ’ਚ ਚੁਕੀ ਸਹੁੰ, ਖੱਟੜ ਬੋਲੇ- ਸਾਡੀ ਗਿਣਤੀ ਪੂਰੀ

ਚੰਡੀਗੜ੍ਹ (ਧਰਨੀ)— ਹਰਿਆਣਾ ਸਰਕਾਰ ਨੇ ਅੱਜ ਆਪਣੇ ਕੈਬਨਿਟ ਦਾ ਵਿਸਥਾਰ ਕਰਦੇ ਹੋਏ ਦੋ ਨਵੇਂ ਮੰਤਰੀਆਂ ਨੂੰ ਸ਼ਾਮਲ ਕਰ ਲਿਆ ਹੈ। ਭਾਜਪਾ-ਜੇ. ਜੇ. ਪੀ. ਗਠਜੋੜ ਵਾਲੀ ਸਰਕਾਰ ’ਚ ਦੋ ਮੰਤਰੀਆਂ ਦੇ ਅਹੁਦੇ ਖਾਲੀ ਸਨ, ਜਿਸ ਨੂੰ ਹੁਣ ਪੂਰਾ ਕਰ ਦਿੱਤਾ ਗਿਆ ਹੈ। ਇਕ ਮੰਤਰੀ ਅਹੁਦਾ ਜੇ. ਜੇ. ਪੀ. ਵਿਧਾਇਕ ਦਵਿੰਦਰ ਬਬਲੀ ਨੂੰ ਮਿਲਿਆ ਹੈ, ਉੱਥੇ ਹੀ ਦੂਜਾ ਮੰਤਰੀ ਅਹੁਦਾ ਭਾਜਪਾ ਵਿਧਾਇਕ ਕਮਲ ਗੁਪਤਾ ਨੂੰ। ਦੋਹਾਂ ਮੰਤਰੀਆਂ ਨੇ ਅੱਜ ਚੰਡੀਗੜ੍ਹ ਵਿਖੇ ਰਾਜ ਭਵਨ ਵਿਚ ਰਾਜਪਾਲ ਬੰਡਾਰੂ ਦੱਤਾਤ੍ਰੇਯ ਦੀ ਮੌਜੂਦਗੀ ਵਿਚ ਸਹੁੰ ਚੁੱਕੀ।

ਇਹ ਵੀ ਪੜ੍ਹੋ: ਹਰਿਆਣਾ ਕੈਬਨਿਟ ਵਿਸਥਾਰ; CM ਖੱਟੜ ਨੇ ਕੀਤਾ ਸਾਫ਼, ਇਨ੍ਹਾਂ ਦੋ ਨੇਤਾਵਾਂ ਦਾ ਮੰਤਰੀ ਬਣਨਾ ਤੈਅ

ਕਮਲ ਗੁਪਤਾ ਹਿਸਾਰ ਵਿਧਾਨ ਸਭਾ ਅਤੇ ਦਵਿੰਦਰ ਬਬਲੀ ਟੋਹਾਨਾ ਵਿਧਾਨ ਸਭਾ ਤੋਂ ਵਿਧਾਇਕ ਹਨ। ਇਨ੍ਹਾਂ ਦੋਹਾਂ ਮੰਤਰੀਆਂ ਨੂੰ ਮਿਲਾ ਕੇ ਹੁਣ ਹਰਿਆਣਾ ਕੈਬਨਿਟ ਵਿਚ ਕੁੱਲ 14 ਮੰਤਰੀ ਹੋ ਗਏ ਹਨ। ਇਨ੍ਹਾਂ ’ਚੋਂ ਭਾਜਪਾ ਦੇ ਮਨੋਹਰ ਲਾਲ ਖੱਟੜ ਮੁੱਖ ਮੰਤਰੀ ਦੀ ਕੁਰਸੀ ’ਤੇ ਹਨ। ਜੇ. ਜੇ. ਪੀ. ਦੇ ਦੁਸ਼ਯੰਤ ਚੌਟਾਲਾ ਉੱਪ ਮੁੱਖ ਮੰਤਰੀ ਹਨ। ਇਸ ਤੋਂ ਇਲਾਵਾ ਜੇ. ਜੇ. ਪੀ. ਦੇ ਅਨੂਪ ਧਾਨਕ ਮੰਤਰੀ ਬਣੇ ਹਨ। ਭਾਜਪਾ ਦੇ ਅਨਿਲ ਵਿਜ, ਕੰਵਰਪਾਲ ਗੁੱਜਰ, ਮੂਲਚੰਦ ਸ਼ਰਮਾ, ਸੰਦੀਪ ਸਿੰਘ, ਓਮਪ੍ਰਕਾਸ਼ ਯਾਦਵ, ਜੇ. ਪੀ. ਦਲਾਲ, ਡਾ. ਬਨਵਾਰੀ ਲਾਲ, ਕਮਲੇਸ਼ ਢਾਂਡਾ ਮੰਤਰੀ ਦੀ ਕੁਰਸੀ ’ਤੇ ਹਨ। ਉੱਥੇ ਹੀ ਆਜ਼ਾਦ ਉਮੀਦਵਾਰ ਰਣਜੀਤ ਸਿੰਘ ਚੌਟਾਲਾ ਵੀ ਮੰਤਰੀ ਅਹੁਦੇ ’ਤੇ ਹਨ।

ਸਹੁੰ ਚੁੱਕ ਸਮਾਰੋਹ ਮਗਰੋਂ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਇਹ ਪਹਿਲਾ ਅਤੇ ਆਖ਼ਰੀ ਕੈਬਨਿਟ ਵਿਸਥਾਰ ਹੈ। ਸਾਡੀ ਗਿਣਤੀ ਪੂਰੀ ਹੋ ਗਈ ਹੈ, ਹੁਣ ਇਸ ਤੋਂ ਅੱਗੇ ਨਹੀਂ ਵੱਧ ਸਕਦੇ। ਉਨ੍ਹਾਂ ਕਿਹਾ ਕਿ ਸਾਰੇ ਮੰਤਰੀ ਵਧੀਆ ਕੰਮ ਕਰ ਰਹੇ ਹਨ। ਓਧਰ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਦੋਵੇਂ ਨਵੇਂ ਮੰਤਰੀਆਂ ਨੂੰ ਵਧਾਈ ਦਿੰਦਾ ਹਾਂ। ਦੋਹਾਂ ਪਾਰਟੀਆਂ ਨੇ ਮਿਲ ਕੇ ਕੰਮ ਕੀਤਾ ਹੈ ਅਤੇ ਅੱਗੇ ਵੀ ਕਰਾਂਗੇ।


author

Tanu

Content Editor

Related News