‘ਗੁਜਰਾਤ-ਹਿਮਾਚਲ ’ਚ ਫਿਰ ਆ ਰਹੇ ਹਾਂ, ਅਗਲੀ ਵਾਰ ਪੰਜਾਬ ’ਚ ਵੀ ਆਵਾਂਗੇ’: JP ਨੱਢਾ
Thursday, Nov 03, 2022 - 12:28 PM (IST)
ਨੈਸ਼ਨਲ ਡੈਸਕ- ‘ਸਭ ਨੂੰ ਨਾਲ ਲੈ ਕੇ ਚੱਲਣਾ ਸਾਡਾ ਕੰਮ ਹੈ।’ ਹਿਮਾਚਲ ਪ੍ਰਦੇਸ਼ ਤੇ ਫਿਰ ਗੁਜਰਾਤ ’ਚ ਚੋਣਾਂ ਹੋਣ ਜਾ ਰਹੀਆਂ ਹਨ। ਇਸ ਸਬੰਧੀ ਪੰਜਾਬ ਕੇਸਰੀ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਹਿਮਾਚਲ ਜ਼ਿਮਨੀ ਚੋਣਾਂ ’ਚ ਮਿਲੀ ਹਾਰ, ਟਿਕਟਾਂ ਦੀ ਵੰਡ ਨੂੰ ਲੈ ਕੇ ਹੋਈ ਨਾਰਾਜ਼ਗੀ ਤੇ ਇਸ ਵਾਰ ਹਿਮਾਚਲ ’ਚ ਵਿਧਾਨ ਸਭਾ ਚੋਣ ਲੜ ਰਹੀ ਆਮ ਆਦਮੀ ਪਾਰਟੀ ਨੂੰ ਲੈ ਕੇ ਸਵਾਲ-ਜਵਾਬ ਕੀਤੇ। ਉਨ੍ਹਾਂ ਹਿਮਾਚਲ ਤੇ ਗੁਜਰਾਤ ਦੋਵਾਂ ਰਾਜਾਂ ’ਚ ਇਕਪਾਸੜ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਇਸ ਵਿਸ਼ੇ ’ਤੇ ਉਨ੍ਹਾਂ ਨਾਲ ਪੰਜਾਬ ਕੇਸਰੀ, ਨਵੋਦਿਆ ਟਾਈਮਜ਼, ਜਗ ਬਾਣੀ ਤੇ ਹਿੰਦ ਸਮਾਚਾਰ ਦੇ ਬਲਵੰਤ ਤਕਸ਼ਕ ਤੇ ਸ਼੍ਰਮਿਤ ਚੌਧਰੀ ਨੇ ਖਾਸ ਗੱਲਬਾਤ ਕੀਤੀ। ਪੇਸ਼ ਹਮ ਮੁੱਖ ਅੰਸ਼ :
ਸਵਾਲ - ਹਿਮਾਚਲ ਪ੍ਰਦੇਸ਼ ਤੇ ਗੁਜਰਾਤ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਇਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗ੍ਰਹਿ ਰਾਜ ਹੈ ਤੇ ਦੂਜਾ ਤੁਹਾਡਾ। ਤੁਸੀਂ ਦੋਵਾਂ ਥਾਵਾਂ ਨੂੰ ਕਿੰਨੀ ਚੁਣੌਤੀ ਮੰਨਦੇ ਹੋ?
ਜਵਾਬ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੇਸ਼ ਤੇ ਦੁਨੀਆ ’ਚ ਆਪਣਾ ਇਕ ਸਥਾਨ ਹੈ ਤੇ ਜਦੋਂ ਵੀ ਚੋਣਾਂ ਆਉਂਦੀਆਂ ਹਨ, ਚਾਹੇ ਉਹ ਦੇਸ਼ ਦੀ ਜਨਤਾ ਹੋਵੇ, ਚਾਹੇ ਕਿਸੇ ਹੋਰ ਸੂਬੇ ਦੀ ਹੋਵੇ, ਹਰ ਕੋਈ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹੈ ਤੇ ਆਪਣਾ ਆਸ਼ੀਰਵਾਦ ਵੀ ਦਿੰਦੇ ਹਨ। ਨਰਿੰਦਰ ਮੋਦੀ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਰਹੇ ਹਨ। ਲੋਕਾਂ ਦਾ ਉਨ੍ਹਾਂ ’ਚ ਅਟੁੱਟ ਵਿਸ਼ਵਾਸ ਹੈ ਤੇ ਉਨ੍ਹਾਂ ਦਾ ਆਸ਼ੀਰਵਾਦ ਵੀ ਹਿਮਾਚਲ ਪ੍ਰਦੇਸ਼ ਨੂੰ ਖੂਬ ਮਿਲਿਆ ਹੈ। ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਮੋਦੀ ਜੀ ਦੇ ਆਉਣ ਨਾਲ ਹਿਮਾਚਲ ਪ੍ਰਦੇਸ਼ ਮੁੱਖ ਧਾਰਾ ’ਚ ਆਇਆ, ਵਿਕਾਸ ’ਚ ਸ਼ਾਮਲ ਹੋਇਆ, ਵੱਡੇ-ਵੱਡੇ ਪ੍ਰਾਜੈਕਟ ਆਏ, ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਸੀ, ਉਹ ਮਿਲਿਆ ਤਾਂ ਉਸ ਆਸ਼ੀਰਵਾਦ ਨੂੰ ਰਿਸਪਾਂਡ ਕਰਨ ਦਾ ਸਮਾਂ ਹੁਣ ਆਇਆ ਹੈ, ਤਾਂ ਜਨਤਾ ਰਿਸਪਾਂਡ ਕਰਨ ਲਈ ਉਤਾਵਲੀ ਹੈ ਤੇ ਭਾਜਪਾ ਨੂੰ ਆਸ਼ੀਰਵਾਦ ਦੇਵੇਗੀ। ਜਿੱਥੋਂ ਤੱਕ ਗੁਜਰਾਤ ਦਾ ਸਵਾਲ ਹੈ, ਲੋਕਾਂ ਨੇ ਉਨ੍ਹਾਂ ਨੂੰ ਉੱਥੇ 12 ਸਾਲਾਂ ਤੋਂ ਬਤੌਰ ਮੁੱਖ ਮੰਤਰੀ ਵਜੋਂ ਦੇਖਿਆ ਹੈ। ਗੁਜਰਾਤ ’ਚ ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਇਸੇ ਲਈ ਜਦੋਂ ਵੀ ਚੋਣਾਂ ਆਉਂਦੀਆਂ ਹਨ, ਉਹ ਪ੍ਰਧਾਨ ਮੰਤਰੀ ਨੂੰ ਖੂਬ ਆਸ਼ੀਰਵਾਦ ਦਿੰਦੇ ਹਨ। ਇਸ ਵਾਰ ਵੀ ਭਾਜਪਾ ਨੂੰ ਆਸ਼ੀਰਵਾਦ ਮਿਲਣ ਵਾਲਾ ਹੈ।
ਮੈਂ ਇੱਥੇ ਇਕ ਗੱਲ ਕਹਿਣਾ ਚਾਹਾਂਗਾ ਕਿ ਆਸ਼ੀਰਵਾਦ ਮੋਦੀ ਜੀ ਦਾ ਹੁੰਦਾ ਹੈ, ਉਸ ਨੂੰ ਧਰਤੀ ’ਤੇ ਉਤਾਰਨ ਦਾ ਕੰਮ ਹਿਮਾਚਲ ’ਚ ਜੈ ਰਾਮ ਠਾਕੁਰ ਨੇ ਚੰਗਾ ਕੰਮ ਕੀਤਾ ਹੈ। ਵੈਸੇ ਹੀ ਪਹਿਲਾਂ ਰੂਪਾਣੀ ਫਿਰ ਪਟੇਲ ਨੇ ਗੁਜਰਾਤ ’ਚ ਉਸ ਨੂੰ ਧਰਤੀ ’ਤੇ ਉਤਾਰਿਆ ਹੈ। ਇਸ ਲਈ ਦੋਵਾਂ ਥਾਵਾਂ ’ਤੇ ਜਨਤਾ ਇਸ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਭਾਰਤੀ ਜਨਤਾ ਪਾਰਟੀ ਨੂੰ ਪੂਰਾ ਆਸ਼ੀਰਵਾਦ ਦਿੰਦੀ ਹੈ। ਮੈਂ ਜੋ ਉਤਸ਼ਾਹ ਦੇਖ ਰਿਹਾ ਹਾਂ, ਮਾਹੌਲ ਦੇਖ ਰਿਹਾ ਹਾਂ, ਮੈਂ ਵੱਖ-ਵੱਖ ਥਾਵਾਂ ’ਤੇ ਹੋਣ ਵਾਲੀਆਂ ਜਨਤਕ ਮੀਟਿੰਗਾਂ ’ਚ ਜੋ ਉਤਸ਼ਾਹ ਦੇਖਿਆ ਹੈ, ਉਸ ਤੋਂ ਬਾਅਦ ਇਹ ਕਹਿ ਰਿਹਾ ਹਾਂ।
ਸਵਾਲ- ਤੁਸੀਂ ਹੁੰਗਾਰਾ ਮਿਲਣ ਦੀ ਗੱਲ ਕਰ ਰਹੇ ਹੋ, ਪਰ ਹਾਲ ਹੀ ’ਚ ਹਿਮਾਚਲ ’ਚ ਹੋਈਆਂ ਜ਼ਿਮਨੀ ਚੋਣਾਂ ’ਚ ਪਾਰਟੀ ਨੂੰ ਹਰ ਪਾਸੇ ਹਾਰ ਮਿਲੀ, ਇਸ ’ਤੇ ਤੁਸੀਂ ਕੀ ਕਹੋਗੇ?
ਜਵਾਬ- ਇਹ ਸਮਝਣ ਵਾਲੀ ਗੱਲ ਹੈ ਕਿ ਅਸੀਂ ਹਮੇਸ਼ਾ ਉੱਪ ਚੋਣਾਂ ’ਚ ਐਕਸਪੈਰੀਮੈਂਟ ਕਰਦੇ ਹਾਂ, ਕਿਉਂਕਿ ਸਾਡੇ ਕੋਲ ਇਕ ਸਥਿਰ ਸਰਕਾਰ ਹੈ। ਅਸੀਂ ਕਈ ਵਾਰ ਕਹਿੰਦੇ ਹਾਂ ਕਿ ਇਸ ਵਾਰ ਵਰਕਰ ਨੂੰ ਦੇ ਕੇ ਦੇਖੋ, ਕਿਸੇ ਨਵੇਂ ਚਿਹਰੇ ਨੂੰ ਦੇ ਕੇ ਦੇਖੋ ਤਾਂ ਇਕ ਪ੍ਰਿੰਸੀਪਲ ਸਟੈਂਡ ਅਸੀਂ ਲਿਆ। ਉਸ ਤਹਿਤ ਅਸੀਂ ਉਮੀਦਵਾਰ ਤੈਅ ਕੀਤੇ ਸਨ। ਇਸ ’ਚ ਸਫਲਤਾ ਨਹੀਂ ਮਿਲੀ। ਮੈਂ ਇਹ ਮੰਨਦਾ ਹਾਂ ਕਿ ਇਹ ਇਕ ਪ੍ਰਯੋਗ ਸੀ ਤੇ ਅਸੀਂ ਉਸ ਤਰੀਕੇ ਦੇ ਪ੍ਰਯੋਗ ਕਰਦੇ ਰਹਿੰਦੇ ਹਾਂ ਪਰ ਵਾਤਾਵਰਣ ਭਾਜਪਾ ਦੇ ਹੱਕ ’ਚ ਉਸ ਦਿਨ ਵੀ ਸੀ ਤੇ ਅੱਜ ਵੀ ਹੈ।
ਸਵਾਲ- ਹਿਮਾਚਲ ਪ੍ਰਦੇਸ਼ ’ਚ ਸਰਕਾਰ ਰਿਪੀਟ ਨਾ ਹੋਣ ਦਾ ਰਿਵਾਜ਼ ਹੈ, ਪਰ ਤੁਸੀਂ ਮਿਸ਼ਨ ਰਿਪੀਟ ਦਾ ਨਾਅਰਾ ਦੇ ਰਹੇ ਹੋ?
ਜਵਾਬ- ਪ੍ਰਧਾਨ ਮੰਤਰੀ ਦੀ ਅਗਵਾਈ ’ਚ ਪਾਲਿਟਿਕਸ ਕਲਚਰ ਬਦਲ ਗਿਆ ਹੈ, ਜਦੋਂ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਪ੍ਰੋ-ਇਨਕੰਬੈਂਸੀ ਸ਼ਬਦ ਆਇਆ, ਉਸ ਤੋਂ ਪਹਿਲਾਂ ਸਿਰਫ਼ ਐਂਟੀ-ਇਨਕੰਬੈਂਸੀ ਸ਼ਬਦ ਹੀ ਸੀ, ਜਦੋਂ ਮੋਦੀ ਜੀ ਨੇ ਗੁਜਰਾਤ ’ਚ 12 ਸਾਲ ਰਾਜ ਕੀਤਾ ਤਾਂ ਦੁਨੀਆ ਦੀਆਂ ਸਾਰੀਆਂ ਸ਼ਕਤੀਆਂ ਉੱਥੇ ਜਾ ਕੇ ਉਨ੍ਹਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰਦੀਆਂ ਸਨ ਪਰ ਉਹ ਪ੍ਰੋ-ਇਨਕੰਬੈਂਸੀ ਫੈਕਟਰ ਤੋਂ ਜਿੱਤ ਜਾਂਦੇ ਸਨ। ਅਸੀਂ 2014 ’ਚ ਵੀ ਮੋਦੀ ਜੀ ਦੀ ਅਗਵਾਈ ’ਚ ਆਏ ਤੇ 2019 ’ਚ ਵੀ ਕੇਂਦਰ ਸਰਕਾਰ ’ਚ ਆਏ, ਯੂ. ਪੀ. ’ਚ ਅਸੀਂ 2017 ’ਚ ਵੀ ਆਏ, 2022 ’ਚ ਵੀ ਆਏ, ਉੱਤਰਾਖੰਡ ’ਚ ਜਿੱਥੇ ਕਿਸੇ ਪਾਰਟੀ ਦੀ ਸਰਕਾਰ ਰਿਪੀਟ ਨਹੀਂ ਹੋਈ, ਉੱਥੇ ਸਾਡੀ ਸਰਕਾਰ ਰਿਪੀਟ ਹੋਈ, ਅਸੀਂ ਮਿਸ਼ਨ ਕੰਪਲੀਟ ਕੀਤਾ। ਗੋਆ ’ਚ ਤੀਸਰੀ ਵਾਰ ਅਸੀਂ ਸਰਕਾਰ ਬਣਾ ਲਈ, ਜੋ ਮੋਦੀ ਜੀ ਦੇ ਪ੍ਰਤੀ ਵਿਸ਼ਵਾਸ ਹੈ, ਪ੍ਰੋ-ਇਨਕੰਬੈਂਸੀ ਫੈਕਟਰ ਹੈ। ਉਸ ਕਾਰਨ ਅਸੀਂ ਰਾਜ ਨਹੀਂ ਰਿਵਾਜ਼ ਬਦਲ ਰਹੇ ਹਾਂ ਤੇ ਹਿਮਾਚਲ ਦੇ ਲੋਕ ਰਿਵਾਜ਼ ਬਦਲਣ ਲਈ ਉਤਾਵਲੇ ਹਨ।
ਮਾਹੌਲ ਭਾਜਪਾ ਦੇ ਹੱਕ ’ਚ ਹੈ
ਸਵਾਲ-ਟਿਕਟ ਬਟਵਾਰੇ ਤੋਂ ਨਾਰਾਜ਼ ਬਗਾਵਤ ਕਰ ਰਹੇ ਹਨ। ਪਾਰਟੀ ਖਿਲਾਫ ਵੀ ਮੈਦਾਨ ’ਚ ਉਤਰ ਗਏ ਹਨ, ਇਸ ਨੂੰ ਕਿਵੇਂ ਸੰਭਾਲੋਗੇ?
ਜਵਾਬ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਇੱਛਾਵਾਂ ਹਨ ਤਾਂ ਇਸ ਦਾ ਮਤਲਬ ਹੈ ਕਿ ਆਸ਼ਾ ਹੈ। ਮਾਹੌਲ ਪੱਖ ’ਚ ਹੈ ਤਾਂ ਹੀ ਲੋਕ ਖੜ੍ਹੇ ਹੋਣਾ ਚਾਹੁੰਦੇ ਹਨ। ਕਈ ਵਾਰ ਪਰਿਵਾਰ ’ਚ ਲੋਕ ਸਮੇਂ ’ਤੇ ਮੰਨਦੇ ਹਨ, ਕਈ ਵਾਰ ਕੁਝ ਸਮੇਂ ਬਾਅਦ ਤੇ ਸਾਰਿਆਂ ਨੂੰ ਇਕੱਠੇ ਰੱਖਣਾ ਸਾਡਾ ਕੰਮ ਹੈ। ਅਸੀਂ ਕੋਸ਼ਿਸ਼ ਕੀਤੀ ਬਹੁਤ ਲੋਕਾਂ ਅਸੀਂ ਬਿਠਾ ਦਿੱਤਾ, ਬਹੁਤ ਨੂੰ ਅਸੀਂ ਨਹੀਂ ਬਿਠਾ ਸਕੇ, ਜਿੱਥੇ ਨਹੀਂ ਬੈਠੇ, ਉੱਥੇ ਅਜੇ ਮਾਹੌਲ ਬਣੇਗਾ ਇਹ ਸਿਲਸਿਲਾ ਚਲਦਾ ਰਿਹਾ ਤਾਂ ਉਹ ਵਾਪਸ ਆ ਜਾਣਗੇ। ਇਸ ’ਚ ਕੋਈ ਸਮੱਸਿਆ ਨਹੀਂ ਹੈ ਪਰ ਸਾਨੂੰ ਇਕ ਗੱਲ ਸਮਝਣੀ ਚਾਹੀਦੀ ਹੈ ਕਿ ਤੁਸੀਂ ਭਾਜਪਾ ਤੇ ਸਾਡੀ ਕੰਮ ਕਰਨ ਦੀ ਸ਼ੈਲੀ ਵੀ ਵੇਖੀ ਹੈ, ਜੋ ਵੀ ਪਾਰਟੀ ਦੇ ਅੰਦਰ ਰਹਿ ਕੇ ਕੰਮ ਕਰਦਾ ਹੈ ਉਸ ਨੂੰ ਆਸ਼ੀਰਵਾਦ ਮਿਲਦਾ ਹੈ। ਪਾਰਟੀ ਤੋਂ ਬਾਹਰ ਚਲੇ ਜਾਣ ਤਾਂ ਜਨਤਾ ਵੀ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਦੀ। ਕੁਝ ਦਿਨਾਂ ’ਚ ਉਹ ਸਥਿਤੀ ਆ ਜਾਵੇਗੀ, ਫਿਰ ਉਹ ਕਹਿਣਗੇ ਕਿ ਸਾਨੂੰ ਵਾਪਸ ਲੈ ਜਾਓ, ਅਸੀਂ ਕੋਸ਼ਿਸ਼ ਕਰ ਲਈ।
ਸਵਾਲ- ਭਾਜਪਾ 2 ਵਾਰ ਮੋਦੀ ਦੀ ਲੋਕਪ੍ਰਿਅਤਾ ਕਾਰਨ ਕੇਂਦਰ ’ਚ ਆਈ, ਪੰਜਾਬ ’ਚ ਕੀ ਭਵਿੱਖ ਦੇਖਦੇ ਹੋ?
ਜਵਾਬ- ਜਿੱਥੇ ਭਾਜਪਾ ਨਹੀਂ ਹੈ ਜਾਂ ਘੱਟ ਹੁੰਦੀ ਹੈ, ਉੱਥੇ ਕੋਈ ਵੀ ਪਾਰਟੀ ਇਸ ਦਾ ਫਾਇਦਾ ਉਠਾ ਸਕਦੀ ਹੈ ਤੇ ਉਸ ’ਚ ਕਾਂਗਰਸ ਨੇ ਵੀ ਮਦਦ ਕੀਤੀ ਹੈ। ਸਾਡਾ ਪੰਜਾਬ ’ਚ ਅਕਾਲੀ ਦਲ ਨਾਲ ਸਮਝੌਤਾ ਹੋਇਆ ਸੀ, ਅਸੀਂ ਤੈਅ ਕੀਤਾ ਸੀ ਕਿ ਅਸੀਂ ਸਮਝੌਤਾ ਨਹੀਂ ਤੋੜਾਂਗੇ। ਮੋਦੀ ਜੀ ਬਾਦਲ ਸਾਹਿਬ ਦੀ ਬਹੁਤ ਇੱਜ਼ਤ ਕਰਦੇ ਹਨ ਪਰ ਅਕਾਲੀ ਦਲ ਨੇ ਕਿਸਾਨ ਅੰਦੋਲਨ ਦੇ ਨਾਂ ’ਤੇ ਸਾਡੇ ਤੋਂ ਦੂਰੀ ਬਣਾ ਲਈ ਹੈ। ਅਸੀਂ 23 ਸੀਟਾਂ ’ਤੇ ਚੋਣ ਲੜਨੀ ਸੀ ਪਰ ਪਹਿਲੀ ਵਾਰ ਅਸੀਂ 72 ਸੀਟਾਂ ’ਤੇ ਚੋਣ ਲੜੀ। ਅਸੀਂ ਨਵੀਂ ਪਾਰਟੀ ਸੀ ਪਰ ਹੁਣ ਸਾਡੀ ਸਥਿਤੀ ਖਰਾਬ ਨਹੀਂ ਹੈ, ਕਿਉਂਕਿ ਕਈ ਕਾਂਗਰਸੀ ਆਗੂ ਤੇ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ’ਚ ਆ ਗਏ ਹਨ। ਕਿਸੇ ਵੀ ਪਾਰਟੀ ਨੂੰ ਗ੍ਰੋ ਕਰਨ ’ਚ ਸਮਾਂ ਲੱਗਦਾ ਹੈ। ਤੁਸੀਂ ਅਗਲੀਆਂ ਚੋਣਾਂ ’ਚ ਦੇਖੋਗੇ, ਪੰਜਾਬ ’ਚ ਅਗਲੀ ਸਰਕਾਰ ਅਸੀਂ ਬਣਾਵਾਂਗੇ।
ਸਵਾਲ-ਭਾਜਪਾ ਲਈ ਆਮ ਆਦਮੀ ਪਾਰਟੀ ਕਿੰਨੀ ਵੱਡੀ ਚੁਣੌਤੀ ਹੈ?
ਜਵਾਬ- ਆਮ ਆਦਮੀ ਪਾਰਟੀ ਉੱਤਰ ਪ੍ਰਦੇਸ਼ ’ਚ ਚੋਣ ਲੜਨ ਗਈ ਸੀ। 350 ਸੀਟਾਂ ’ਤੇ ਲੜੇ, 349 ’ਤੇ ਜ਼ਮਾਨਤ ਜ਼ਬਤ ਹੋਈ। ਉੱਤਰਾਖੰਡ ’ਚ 70 ’ਤੇ ਲੜੇ, 65 ’ਤੇ ਜ਼ਮਾਨਤ ਜ਼ਬਤ। ਉਨ੍ਹਾਂ ਦਾ ਪ੍ਰਧਾਨ ਹੀ ਛੱਡ ਕੇ ਭਾਜਪਾ ’ਚ ਚਲਾ ਗਿਆ। ਅੱਜਕੱਲ ਹਿਮਾਚਲ ’ਚ ਪ੍ਰਚਾਰ ਕਰ ਰਿਹਾ ਹੈ। ਗੋਆ ’ਚ ਗਏ 39 ਸੀਟਾਂ ’ਤੇ ਲੜੇ, 35 ’ਤੇ ਜ਼ਮਾਨਤ ਜ਼ਬਤ ਹੋਈ। ਉੱਥੇ ਹੀ ਹਿਮਾਚਲ ’ਚ ਆਏ ਬਾਅਦ ’ਚ, ਰਨ ਆਊਟ ਪਹਿਲਾਂ ਹੋ ਗਏ। ਦਿਖਾਈ ਵੀ ਨਹੀਂ ਦਿੰਦੇ। ਅਸੀਂ 8 ਤਰੀਕ ਨੂੰ ਮਿਲਾਂਗੇ ਦੇਖ ਲੈਣਾ ਜ਼ਮਾਨਤਾਂ ਜ਼ਬਤ ਹੋਣਗੀਆਂ। ਗੁਜਰਾਤ ’ਚ ਵੀ ਕਾਫੀ ਹੰਗਾਮਾ ਕਰ ਰਹੇ ਹਨ। ਤੁਹਾਨੂੰ ਦੱਸ ਦੇਵਾਂ ਇਹ ਹਿਮਾਚਲ ਨੂੰ ਇਸ ਲਈ ਛੱਡ ਗਏ, ਕਿਉਂਕਿ ਹਿਮਾਚਲ ਦੇ ਲੋਕ ਪੰਜਾਬ ਦੇ ਨਾਲ-ਨਾਲ ਦਿੱਲੀ ’ਚ ਵੀ ਬਹੁਤਾਤ ’ਚ ਹਨ। ਇਨ੍ਹਾਂ ਦੀ ਸਰਗਰਮੀ ਲੋਕਾਂ ਨੇ ਦੇਖੀ ਹੈ। ਘਪਲੇ, ਭ੍ਰਿਸ਼ਟਾਚਾਰ, ਝੂਠ ਬੋਲਣਾ, ਲੋਕਾਂ ਨੂੰ ਵਰਗਲਾਉਣਾ। ਇਸ ਲਈ ਉਨ੍ਹਾਂ ਹਿਮਾਚਲ ਛੱਡ ਦਿੱਤਾ, ਗੁਜਰਾਤ ਦੂਰ ਹੈ। ਉਨ੍ਹਾਂ ਸੋਚਿਆ ਕਿ ਅਸੀਂ ਉੱਥੇ ਕੋਸ਼ਿਸ਼ ਕਰੀਏ। ਉਹ ਸਿਰਫ ਇਕ ਤਰੀਕੇ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਰ ਕੋਈ ਅਜਿਹਾ ਕਰ ਰਿਹਾ ਹੈ। ਇਸ ’ਚ ਕੋਈ ਸਮੱਸਿਆ ਨਹੀਂ ਹੈ, ਚੋਣਾਂ ਹਨ, ਲੋਕਤੰਤਰ ਹੈ ਪਰ ਮੈਂ ਇਨ੍ਹਾਂ ਦਾ ਇਤਿਹਾਸ ਤੁਹਾਡੇ ਸਾਹਮਣੇ ਰੱਖਿਆ ਹੈ। ਇਸ ਲਈ ਹਿਮਾਚਲ ਤੇ ਗੁਜਰਾਤ ’ਚ ਇਹ ਸਾਡੇ ਲਈ ਕੋਈ ਚੁਣੌਤੀ ਨਹੀਂ ਹੈ।
ਸਵਾਲ-ਕਾਂਗਰਸ ਦਾ ਦਾਅਵਾ ਹੈ ਕਿ ਉਹ ‘ਭਾਰਤ ਜੋੜੋ ਯਾਤਰਾ’ ਨਾਲ ਜ਼ਮੀਨੀ ਪੱਧਰ ’ਤੇ ਮਜ਼ਬੂਤ ਹੋਈ ਹੈ ਤਾਂ ਇਹ ਤੁਹਾਨੂੰ ਕਿੰਨੀ ਚੁਣੌਤੀ ਦੇ ਰਹੀ ਹੈ?
ਜਵਾਬ- ਉਹ ਘਰ ਤੋਂ ਲੰਬੇ ਸਮੇਂ ਬਾਅਦ ਭਾਰਤ ਦੇ ਦੌਰੇ ’ਤੇ ਗਏ ਹਨ, ਘੁੰਮਣਾ ਚੰਗੀ ਗੱਲ ਹੈ ਪਰ ਮੈਂ ਤੁਹਾਨੂੰ ਫਿਲਹਾਲ ਇਹ ਨਹੀਂ ਦੱਸਾਂਗਾ ਕਿ ਉਨ੍ਹਾਂ ਦੀ ਯਾਤਰਾ ’ਚ ਕੀ-ਕੀ ਕਮੀਆਂ ਹਨ ਤੇ ਉਨ੍ਹਾਂ ਨੂੰ ਸਫਲਤਾ ਕਿਉਂ ਨਹੀਂ ਮਿਲੇਗੀ ਪਰ ਸਾਨੂੰ ਦਿਸਦਾ ਹੈ ਕਿ ਇਹ ਸਭ ਕੁਝ ਦਿਖਾਵੇ ਲਈ ਹੈ। ਉਹ ਆਪਣੀ ਪਾਰਟੀ ’ਚ ਹੀ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ।
ਸਵਾਲ-ਕਾਂਗਰਸ ਦੇ ਨਵੇਂ ਪ੍ਰਧਾਨ ਤੁਹਾਡੇ ਲਈ ਕਿੰਨੀ ਵੱਡੀ ਚੁਣੌਤੀ?
ਜਵਾਬ- ਮੈਂ ਖੜਗੇ ਜੀ ਨੂੰ ਵਧਾਈ ਦਿੰਦਾ ਹਾਂ। ਇਹ ਉਨ੍ਹਾਂ ਦਾ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਪਰ ਸਵਾਲ ਇਹ ਹੈ ਕਿ ਕੀ ਸੀ. ਡਬਲਿਊ. ਸੀ. ਤੋਂ ਸਕ੍ਰੀਨਿੰਗ ਕਮੇਟੀ ਬਣਾਈ, ਸਮਝ ਨਹੀਂ ਆਈ ਕਿ ਇਹ ਕਿਉਂ ਬਣਾਈ ਗਈ। ਪਤਾ ਨਹੀਂ ਇਸ ਦਾ ਸੰਵਿਧਾਨ ਕਿੱਥੇ ਹੈ, ਜੇਕਰ ਇਸ ’ਚ ਇਕੋ ਪਰਿਵਾਰ ਦੇ 3 ਮੈਂਬਰ ਹਨ ਤਾਂ ਪਰਿਵਾਰਵਾਦ ਤੋਂ ਮੁਕਤ ਕਿਵੇਂ ਹੋਈ? ਭਾਜਪਾ ਨੇ ਵੰਸ਼ਵਾਦ ’ਤੇ ਪਰਿਵਾਰਵਾਦ ’ਤੇ ਇੰਨੀ ਸੱਟ ਮਾਰੀ ਕਿ ਉਨ੍ਹਾਂ ਨੂੰ ਮਜਬੂਰ ਹੋਣਾ ਪਿਆ, ਇੰਨੇ ਸਾਲਾਂ ਬਾਅਦ ਕਿਸੇ ਨਾਨ-ਗਾਂਧੀ ਪਰਿਵਾਰ ਦੇ ਵਿਅਕਤੀ ਨੂੰ ਪ੍ਰਧਾਨ ਬਣਾਉਣ ਲਈ।
ਸਵਾਲ- ਭਾਜਪਾ ਨੇ ਸੱਤਾ ’ਚ ਆਉਣ ਤੋਂ ਬਾਅਦ ਦੇਸ਼ ਦੇ ਵਿਕਾਸ ਦਾ ਟੀਚਾ ਰੱਖਿਆ ਸੀ ਤਾਂ ਫਿਰ 2022 ਖਤਮ ਹੁੰਦੇ-ਹੁੰਦੇ ਕਿੱਥੋਂ ਤੱਕ ਪਹੁੰਚਿਆ?
ਜਵਾਬ- ਅਸੀਂ ਬਿਲਕੁਲ ਨਿਸ਼ਾਨੇ ’ਤੇ ਚੱਲ ਰਹੇ ਹਾਂ। ਅਸੀਂ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹਾਂ। 5 ਟ੍ਰਿਲੀਅਨ ਦੀ ਅਰਥ ਵਿਵਸਥਾ ਵੱਲ ਵਧ ਰਹੇ ਹਾਂ। ਬਾਕੀ ਵਿਸ਼ਵ ਦੀ ਅਰਥ ਵਿਵਸਥਾ ਕੋਰੋਨਾ ਕਾਰਨ ਮੱਠੀ ਪੈ ਗਈ ਪਰ ਅਸੀਂ ਰਫਤਾਰ ਨੂੰ ਫੜ ਰਹੇ ਹਾਂ। ਸਿੱਧੇ ਵਿਦੇਸ਼ੀ ਨਿਵੇਸ਼ ’ਚ 33 ਫੀਸਦੀ ਦਾ ਵਾਧਾ ਹੋਇਆ ਹੈ। ਅਸੀਂ ਸਟੀਲ ’ਚ ਨੰਬਰ 2, ਟੈਲੀਫੋਨ ਨਿਰਮਾਣ ’ਚ ਵੀ ਨੰ. 2, ਸੋਲਰ ਪਾਵਰ ’ਚ ਅਸੀਂ ਨੰ. 5 ’ਤੇ ਹਾਂ। ਅਸੀਂ ਬੁਨਿਆਦੀ ਢਾਂਚੇ ’ਚ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ, ਅਸੀਂ ਹੁਣ ਸਿੱਖਿਆ ’ਚ ਕੀਤੇ ਨਿਵੇਸ਼ ਦਾ ਇਕ ਵੱਡਾ ਨਤੀਜਾ ਦੇਖਣ ਜਾ ਰਹੇ ਹਾਂ। ਪ੍ਰਾਇਮਰੀ, ਸੈਕੰਡਰੀ ਤੇ ਉੱਚ ਸਿੱਖਿਆ ਤਿੰਨਾਂ ’ਤੇ ਕੰਮ ਚੱਲ ਰਿਹਾ ਹੈ। ਹਵਾਬਾਜ਼ੀ ’ਚ ਕ੍ਰਾਂਤੀ ਆਈ ਹੈ। ਗਰੀਬਾਂ ਦਾ ਸਸ਼ਕਤੀਕਰਨ ਇੰਨਾ ਹੋਇਆ ਹੈ ਕਿ ਅਸੀਂ ਅੱਤ ਦੀ ਗਰੀਬੀ ਰੇਖਾ ਤੋਂ ਬਾਹਰ ਆ ਗਏ ਹਾਂ। ਭੁੱਖਮਰੀ ਨਾਂ ਦੀ ਚੀਜ਼ ਖਤਮ ਹੋ ਗਈ ਹੈ, ਕਿਉਂਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ’ਚ 80 ਕਰੋੜ ਲੋਕਾਂ ਨੂੰ ਰਾਸ਼ਨ ਦੇਣ ਦਾ ਕੰਮ ਕੀਤਾ ਗਿਆ ਹੈ। ਅਸੀਂ ਰੱਖਿਆ ਉਪਕਰਨਾਂ ਦੇ ਸਭ ਤੋਂ ਵੱਡੇ ਨਿਰਯਾਤਕ ਹਾਂ, ਜੋ ਪਹਿਲਾਂ ਲੈਂਦਾਂ ਸੀ, ਉਹ ਹੁਣ ਦੇਣ ਲੱਗਾ ਹੈ। ਅਜੇ ਵੀ ਅਮਰੀਕਾ, ਯੂਰਪ ’ਚ ਟੀਕਾਕਰਨ ਦੀ ਪ੍ਰਕਿਰਿਆ ਪੂਰੀ ਨਹੀਂ ਹੋਈ ਹੈ, ਅਸੀਂ 219 ਕਰੋੜ ਰੁਪਏ ਦੀ ਡਬਲ ਡੋਜ਼, ਬੂਸਟਰ ਡੋਜ਼ ਲਾਈ ਚੁੱਕੇ ਹਾਂ ਤੇ ਭਾਰਤ ’ਚ ਮਾਸਕ ਵਰਗੀ ਕੋਈ ਚੀਜ਼ ਨਹੀਂ ਰਹਿ ਗਈ। ਇਸ ਤੋਂ ਪਤਾ ਲੱਗਦਾ ਹੈ ਕਿ ਮੋਦੀ ਜੀ ਦੀ ਅਗਵਾਈ ’ਚ ਭਾਰਤ ਟਾਰਗੈੱਟ ’ਤੇ ਵੀ ਚੱਲਿਆ ਹੋਇਆ ਹੈ ਤੇ ਦੁਨੀਆ ’ਚ ਭਾਰਤ ਦਾ ਅਕਸ ਬਦਲਿਆ ਹੈ।
ਸਵਾਲ- ਅਰਵਿੰਦ ਕੇਜਰੀਵਾਲ, ਨਿਤੀਸ਼ ਕੁਮਾਰ ਤੇ ਹੋਰ ਕਈ ਚਿਹਰੇ ਤੁਹਾਡੇ ਸਾਹਮਣੇ ਖੜ੍ਹੇ ਹਨ, ਤੁਸੀਂ ਇਨ੍ਹਾਂ ਨੂੰ 2024 ਲਈ ਕਿੰਨੀ ਵੱਡੀ ਚੁਣੌਤੀ ਮੰਨਦੇ ਹੋ?
ਜਵਾਬ- ਅਸੀਂ ਹਰ ਚੋਣ ਨੂੰ ਚੁਣੌਤੀ ਨੂੰ ਮੰਨ ਕੇ ਚੱਲਦੇ ਹਾਂ ਤੇ ਤਿਆਰ ਰਹਿੰਦੇ ਹਾਂ। ਚੋਣਾਂ ਲੜਨਾ ਰਣਨੀਤੀ ਦਾ ਵਿਸ਼ਾ ਹੁੰਦਾ ਹੈ ਤੇ ਰਣਨੀਤੀ ਪਰਦੇ ਦਾ ਵਿਸ਼ਾ। ਇਸ ਲਈ ਅਸੀਂ ਬਹੁਤਾ ਖੁਲਾਸਾ ਨਹੀਂ ਕਰ ਸਕਦੇ, ਪਰ ਅਸੀਂ ਤਿਆਰ ਹਾਂ। ਖਰਾਬ ਹੈ ਇਹ ਕਹਿ ਕੇ ਲੜਨਾ ਮੋਦੀ ਜੀ ਦਾ ਤਰੀਕਾ ਨਹੀਂ ਹੈ। ਅਸੀਂ ਚੰਗੇ ਹਾਂ ਤੇ ਸਾਡਾ ਹੋਣਾ ਜ਼ਰੂਰੀ ਹੈ ਤੇ ਅਸੀਂ ਦੇਸ਼ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਪਿਛਲੀ ਵਾਰ 2017 ’ਚ ਕਾਂਗਰਸ ਤੇ ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ ਦੀਆਂ ਚੋਣਾਂ ਇਕੱਠੇ ਲੜੇ ਸਨ ਤਾਂ ਅਸੀਂ ਉਸ ਗਠਜੋੜ ਨੂੰ ਟੁੱਟਦੇ ਦੇਖਿਆ ਸੀ। ਉਸ ਤੋਂ ਬਾਅਦ ਮਾਇਆਵਤੀ ਤੇ ਸਮਾਜਵਾਦੀ ਪਾਰਟੀ ਦੀ ਚਰਚਾ ਸੀ ਕਿ ਜੇਕਰ ਉਹ ਇਕੱਠੇ ਹੋ ਗਏ ਤਾਂ ਵੱਡਾ ਨੁਕਸਾਨ ਹੋਵੇਗਾ ਪਰ ਮੋਦੀ ਜੀ ਨੂੰ ਇਕਪਾਸੜ ਸਾਕਾਰਾਤਮਕ ਵੋਟਾਂ ਮਿਲੀਆਂ। ਇਸ ਲਈ 2024 ’ਚ ਵੀ ਸਾਨੂੰ ਸਾਕਾਰਾਤਮਕ ਵੋਟ ਆਵੇਗਾ।
ਸਵਾਲ-ਅਰਵਿੰਦ ਕੇਜਰੀਵਾਲ ਨੇ ਨੋਟਾਂ ’ਤੇ ਲਕਸ਼ਮੀ-ਗਣੇਸ਼ ਜੀ ਦੀ ਫੋਟੋ ਲਾਉਣ ਨੂੰ ਕਿਹਾ, ਇਸ ’ਤੇ ਭਾਜਪਾ ਦਾ ਕੀ ਸਟੈਂਡ ਹੈ?
ਜਵਾਬ- ਅਰਵਿੰਦ ਕੇਜਰੀਵਾਲ ਜੀ ਚੋਣਾਂ ਲਈ ਇਹ ਸਭ ਕਰਦੇ ਰਹਿੰਦੇ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਭਰੋਸੇਯੋਗਤਾ ਦਾ ਪੱਧਰ ਬਹੁਤ ਹੇਠਾਂ ਆ ਗਿਆ ਹੈ। ਉਸ ਦੀਆਂ ਗੱਲਾਂ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ। ਲੋਕ ਭੁੱਲ ਜਾਂਦੇ ਹਨ ਪਰ ਇਹ ਸਾਡਾ ਕੰਮ ਹੈ ਯਾਦ ਕਰਵਾਉਣਾ। ਉਨ੍ਹਾਂ ਕਿਹਾ ਸੀ ਕਿ ਮੈਂ ਚੋਣ ਨਹੀਂ ਲੜਾਂਗਾ ਪਰ ਲੜਿਆ, ਪਾਰਟੀ ਨਹੀਂ ਬਣਾਵਾਂਗਾ, ਬਣਾਈ, ਸਕਿਓਰਿਟੀ ਨਹੀਂ ਲਵਾਂਗਾ, ਅੱਜਕੱਲ ਪੰਜਾਬ ਤੋਂ ਲੈ ਰੱਖੀ ਹੈ ਤੇ ਹੋਰ ਬਾਕੀ ਵੀ, ਮੈਂ ਗੱਡੀਆਂ ਵੀ ਨਹੀਂ ਲਵਾਂਗਾ। ਅੱਜ ਉਨ੍ਹਾਂ ਨੇ ਸਾਰੀਆਂ ਸਹੂਲਤਾਂ ਲੈ ਰੱਖੀਆਂ ਹਨ। ਮੈਂ ਸੀ. ਏ. ਜੀ. ਦਾ ਆਡਿਟ ਕਰਵਾਵਾਂਗਾ ਡਿਸਕਾਮ ’ਤੇ, ਮੈਂ ਲੋਕਪਾਲ ਬਿੱਲ ਲਿਆਵਾਂਗਾ, ਮੈਂ ਵਾਟਰ ਮਾਫੀਆ ਨਾਲ ਲੜਾਂਗਾ, ਅਸੀਂ ਅੱਜ ਤੱਕ ਇਨ੍ਹਾਂ ਸਭ ਚੀਜ਼ਾਂ ਦੀ ਉਡੀਕ ਕਰ ਰਹੇ ਹਾਂ। ਮੈਂ ਟਰਾਂਸਪੋਰਟ ’ਚ ਬਦਲਾਅ ਲਿਆਵਾਂਗਾ, ਮੈਂ ਈਮਾਨਦਾਰ ਸਰਕਾਰ ਲਿਆਵਾਂਗਾ ਪਰ ਘੋਟਾਲੇ ਦੀ ਸਰਕਾਰ ਦਿੱਤੀ। ਸ਼ਰਾਬ ਵਰਗੀਆਂ ਚੀਜ਼ਾਂ ’ਚ ਘਪਲੇ ਕੀਤੇ। ਉਹ ਕਹਿੰਦੇ ਸਨ ਕਿ ਮੈਂ ਅਪਰਾਧੀਆਂ ਨੂੰ ਟਿਕਟਾਂ ਨਹੀਂ ਦੇਵਾਂਗਾ ਪਰ 3 ਜੇਲ ਦੇ ਅੰਦਰ ਹਨ, ਬਾਕੀ ਜ਼ਮਾਨਤ ’ਤੇ ਹਨ। ਉਸ ਨੇ ਰਾਮ ਜਨਮ ਭੂਮੀ ਦਾ ਵਿਰੋਧ ਕੀਤਾ। ਅੱਜ ਉਹ ਗਣੇਸ਼ ਜੀ ਤੇ ਲਕਸ਼ਮੀ ਜੀ ਦਿਸ ਰਹੇ ਹਨ। ਉਨ੍ਹਾਂ ਦੀ ਇਨਟੈਨਸ਼ਨ ਸਿਰਫ ਵੋਟ ਹੈ, ਨੋਟ ਤਾਂ ਸਿਰਫ ਬਹਾਨਾ ਹੈ।
ਸਵਾਲ- ਚਰਚਾ ਹੈ ਕਿ ਹਿਮਾਚਲ ’ਚ ਕਾਂਗਰਸ ’ਚ ਜੋ ਅਸੰਤੁਸ਼ਟੀ ਦਿਖਾਈ ਦੇ ਰਹੀ ਹੈ, ਉਹੀ ਭਾਜਪਾ ’ਚ ਵੀ ਹੈ?
ਜਵਾਬ- ਅਜਿਹਾ ਨਹੀਂ ਹੈ। ਕਾਂਗਰਸ ’ਚ ਵਿਅਕਤੀਗਤ ਤੌਰ ’ਤੇ ਆਗੂ ਹਨ। ਉਨ੍ਹਾਂ ਨੂੰ ਸਮਰਥਨ ਮਿਲਦਾ ਹੈ ਤਾਂ ਉਹ ਕੰਮ ਕਰਦੇ ਹਨ ਵਰਨਾ ਫਿਰ ਪਾਰਟੀ ਦੇ ਖਿਲਾਫ ਲੜਦੇ ਹਨ। ਸਾਡੇ ਇੱਥੇ ਕੁਝ ਬਾਗੀ ਖੜ੍ਹੇ ਹਨ ਪਰ ਚੋਣਾਂ ’ਚ ਜਿਸ ਤਰ੍ਹਾਂ ਸਾਡਾ ਮਾਹੌਲ ਅੱਗੇ ਵਧੇਗਾ, ਉਹ ਵੀ ਸਾਡੇ ਨਾਲ ਸ਼ਾਮਲ ਹੋ ਜਾਣਗੇ ਤੇ ਉਹ ਵੀ ਸਾਡੇ ਨਾਲ ਆਉਣਗੇ। ਜਿਹੜੇ ਲੋਕ ਪਾਰਟੀ ਲਾਈਨ ਤੋਂ ਬਾਹਰ ਜਾਂਦੇ ਹਨ, ਉਨ੍ਹਾਂ ਨੂੰ ਲੋਕਾਂ ਦਾ ਅਾਸ਼ੀਰਵਾਦ ਨਹੀਂ ਮਿਲਦਾ।
ਸਵਾਲ-ਕਾਂਗਰਸ ਦਾ ਕਹਿਣਾ ਹੈ ਕਿ ਸੈਮੀਫਾਈਨਲ ’ਚ ਕਾਂਗਰਸ ਨੇ 4 ਸੀਟਾਂ ਜਿੱਤੀਆਂ, ਹੁਣ ਇਹ ਫਾਈਨਲ ਹੈ, ਉਹ ਵੀ ਕਾਂਗਰਸ ਦੀ ਝੋਲੀ ’ਚ ਆਵੇਗਾ, ਇਸ ਦਾਅਵੇ ’ਤੇ ਤੁਹਾਡਾ ਕੀ ਕਹਿਣਾ ਹੈ?
ਜਵਾਬ- ਉਹ ਲੋਕ ਹਮੇਸ਼ਾ ਗੰਭੀਰਤਾ ਨਾਲ ਸੋਚੇ ਬਿਨਾਂ ਸਿਆਸੀ ਪਾਰਟੀ ਦੇ ਰੂਪ ’ਚ ਕੰਮ ਕਰਦੇ ਹਨ। ਉਨ੍ਹਾਂ ਦੀ ਚਾਰਜਸ਼ੀਟ ਹੈ, ਉਨ੍ਹਾਂ ਨੂੰ ਹੀ ਯਕੀਨ ਨਹੀਂ ਹੋਵੇਗਾ ਚਾਰਜਸ਼ੀਟ ’ਤੇ ਤਾਂ ਹੈ, ਜਿਸ ਤਰ੍ਹਾਂ ਉਹ ਰਾਜਨੀਤੀ ਕਰ ਰਹੇ ਹਨ, ਉਸ ’ਤੇ ਕੁਝ ਕਹਿਣ ਦੀ ਲੋੜ ਨਹੀਂ ਹੈ। ਉਹ ਆਪੋ-ਆਪਣੇ ਹਲਕੇ ’ਚ ਚੋਣਾਂ ਲੜ ਰਹੇ ਹਨ ਤੇ ਕਿਸੇ ਰਾਜ ਦੀ ਚੋਣ ਨਹੀਂ ਲੜ ਰਹੇ ਹਨ।
ਸਵਾਲ-ਹਿਮਾਚਲ ’ਚ ਇਕ ਵੱਡਾ ਮੁੱਦਾ ਗੂੰਜ ਰਿਹਾ ਹੈ, ਜੋ ਪੰਜਾਬ ’ਚ ਵੀ ਗੂੰਜ ਰਿਹਾ ਹੈ ਤੇ ਉਹ ਹੈ ਡਰੱਗਸ, ਇਸ ਤੋਂ ਛੁਟਕਾਰਾ ਕਦੋਂ ਮਿਲੇਗਾ?
ਜਵਾਬ- ਇਸ ਤੋਂ ਨਿਜ਼ਾਤ ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ’ਚ ਹੀ ਮਿਲੇਗੀ ਤੇ ਸਿਰਫ ਭਾਜਪਾ ਹੀ ਇਸ ਨਾਲ ਲੜ ਸਕਦੀ ਹੈ ਤੇ ਲੜਨ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਪੂਰਾ ਸਹਿਯੋਗ ਮਿਲ ਰਿਹਾ ਹੈ, ਪਰ ਪੰਜਾਬ ਇਸ ਦਾ ਉਪਯੋਗ ਕਰਦਾ ਤਾਂ ਚੰਗਾ ਹੁੰਦਾ, ਪਰ ਉਹ ਇਸ ਦਾ ਉਪਯੋਗ ਨਹੀਂ ਕਰ ਰਿਹਾ, ਜਿੱਥੋਂ ਤੱਕ ਹਿਮਾਚਲ ਦਾ ਸਵਾਲ ਹੈ, ਅਸੀਂ ਸਰਹੱਦਾਂ ਨੂੰ ਸੁਰੱਖਿਅਤ ਰੱਖਿਆ ਹੈ ਤੇ ਸੁਰੱਖਿਅਤ ਰੱਖਾਂਗੇ।