ਸਾਬਕਾ ਆਰਮੀ ਚੀਫ ਦਾ ਵੱਡਾ ਖੁਲ੍ਹਾਸਾ : ''ਸਿਆਚਿਨ'' ਪਾਕਿ ਨੂੰ ਸੌਂਪਣਾ ਚਾਹੁੰਦੀ ਸੀ ਕਾਂਗਰਸ ਸਰਕਾਰ

09/24/2017 2:46:13 AM

ਨਵੀਂ ਦਿੱਲੀ— ਫੌਜ ਦੇ ਸਾਬਕਾ ਆਰਮੀ ਚੀਫ ਨੇ ਸਿਆਚਿਨ ਨੂੰ ਲੈ ਕੇ ਖੁਲ੍ਹਾਸਾ ਕਰਦੇ ਹੋਏ ਕਾਂਗਰਸ ਦੀ ਯੂ. ਪੀ. ਏ. ਸਰਕਾਰ ਨੂੰ ਕਟੇਹਰੇ 'ਚ ਖੜ੍ਹਾ ਕਰ ਦਿੱਤਾ ਹੈ।  ਜਨਰਲ ਜੇਜੇ ਸਿੰਘ ਨੇ ਕਿਹਾ ਕਿ ਯੂ. ਪੀ. ਏ. ਸਰਕਾਰ ਸਿਆਚਿਨ ਗਲੇਸ਼ੀਅਰ ਨੂੰ ਪਾਕਿਸਤਾਨ ਨੂੰ ਸੌਂਪਣਾ ਚਾਹੁੰਦੀ ਸੀ।  ਆਪਣੇ ਬਿਆਨ 'ਚ ਜਨਰਲ ਸਿੰਘ ਨੇ ਸਿੱਧਾ-ਸਿੱਧਾ ਤੱਤਕਾਲੀਨ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿਨ੍ਹਦੇ ਹੋਏ ਫੌਜ ਨੂੰ ਭਰੋਸੇ 'ਚ ਲਏ ਬਗੈਰ ਸਿਆਚਿਨ ਪਾਕਿਸਤਾਨ ਨੂੰ ਸੌਂਪਣ ਦੀ ਗੱਲ ਕਹੀ। ਜਨਰਲ ਜੇਜੇ ਸਿੰਘ ਦੀ ਮੰਨੀਏ ਤਾਂ ਸਾਲ 2006 'ਚ ਤੱਤਕਾਲੀਨ ਕੇਂਦਰ ਸਰਕਾਰ ਇਸ ਮਾਮਲੇ 'ਤੇ ਫੌਜ ਅਤੇ ਖੂਫੀਆ ਏਜੰਸੀਆਂ ਨੂੰ ਵਿਸ਼ਵਾਸ 'ਚ ਲਏ ਬਗੈਰ ਪਾਕਿਸਤਾਨ ਨਾਲ ਗੱਲ ਕਰ ਰਹੀ ਸੀ। ਸਾਬਕਾ ਆਰਮੀ ਚੀਫ ਦਾ ਖੁਲ੍ਹਾਸਾ ਇਸ ਲਈ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਸਾਬਕਾ ਵਿਦੇਸ਼ ਸਕੱਤਰ ਨੇ ਵੀ ਮੰਨਿਆ ਹੈ ਕਿ ਦੋਵੇਂ ਮੁਲਕ ਆਪਸੀ ਸਹਿਮਤੀ ਨਾਲ ਸਿਆਚਿਨ ਤੋਂ ਫੌਜ ਹਟਾਉਣ ਦੇ ਪ੍ਰਸਤਾਵ 'ਤੇ ਸਾਲ 2006 'ਚ ਕੰਮ ਕਰ ਰਹੇ ਸਨ।
ਜਨਰਲ ਸਿੰਘ ਨੇ ਕਿਹਾ ਕਿ ਤੱਤਕਾਲੀਨ ਕਾਂਗਰਸ 'ਤੇ ਸਵਾਲ ਇਸ ਲਈ ਖੜ੍ਹੇ ਹੋ ਰਹੇ ਹਨ ਕਿਉਂਕਿ ਸਿਆਚਿਨ ਦੀਆਂ ਦੁਰਗਮ ਚੋਟੀਆਂ 'ਤੇ ਜਾਨ ਗੁਆਉਣ ਤੋਂ ਬਾਅਦ ਵੀ ਫੌਜ ਨੇ ਕਦੇ ਵੀ ਸਰਕਾਰ ਨੂੰ ਪਿੱਛੇ ਹਟਣ ਦੀ ਗੱਲ ਨਹੀਂ ਕਹੀ। ਅਜਿਹੇ 'ਚ ਸਰਕਾਰ ਦਾ ਇਸ ਪ੍ਰਸਤਾਵ 'ਤੇ ਕੰਮ ਕਰਨਾ ਸਭ ਲਈ ਹੈਰਾਨ ਕਰਨ ਵਾਲਾ ਸੀ। ਸਿਆਚਿਨ 'ਚ ਭਾਰਤ ਤੋਂ ਜ਼ਿਆਦਾ ਪਰੇਸ਼ਾਨੀ ਪਾਕਿਸਤਾਨ ਨੂੰ ਪੇਸ਼ ਆ ਰਹੀ ਹੈ ਕਿਉਂਕਿ ਹਾਈ ਆਲਟੀਟਿਊਡ ਵਾਰਫੇਅਰ 'ਚ ਭਾਰਤੀ ਜਵਾਨਾਂ ਦੀ ਤਿਆਰੀ ਗੁਆਢੀ ਦੇਸ਼ ਤੋਂ ਕਾਫੀ ਬਿਹਤਰ ਹੈ।
ਜਨਰਲ ਸਿੰਘ ਨੇ ਇਹ ਵੀ ਕਿਹਾ ਕਿ ਤੱਤਕਾਲੀਨ ਕਾਂਗਰਸ ਸਰਕਾਰ ਨੇ ਇਸ ਪ੍ਰਸਤਾਵ 'ਤੇ ਅੱਗੇ ਵਧਣ ਤੋਂ ਪਹਿਲਾਂ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਜਹਿਮਤ ਵੀ ਨਹੀਂ ਚੁੱਕੀ। ਇਸ ਦੌਰਾਨ ਆਰਮੀ ਚੀਫ ਨੇ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਜਵਾਨਾਂ ਦੀ ਸ਼ਹਾਦਤ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਨੇ ਸਿਆਚਿਨ ਦੀਆਂ ਬਰਫੀਲੀਆਂ ਚੋਟੀਆਂ ਦੀ ਹਿਫਾਜ਼ਤ ਕਰਨ  ਦੌਰਾਨ ਆਪਣੀ ਜਾਨ ਗੁਆਈ ਹੈ। 
 


Related News