ਦੇਸ਼ ਦੇ ਕਈ ਹਿੱਸਿਆਂ 'ਚ ਹਨ੍ਹੇਰੀ-ਮੀਂਹ ਦੀ ਸੰਭਾਵਨਾ, ਅਲਰਟ ਜਾਰੀ

Friday, May 29, 2020 - 12:22 PM (IST)

ਦੇਸ਼ ਦੇ ਕਈ ਹਿੱਸਿਆਂ 'ਚ ਹਨ੍ਹੇਰੀ-ਮੀਂਹ ਦੀ ਸੰਭਾਵਨਾ, ਅਲਰਟ ਜਾਰੀ

ਨਵੀਂ ਦਿੱਲੀ-ਦਿੱਲੀ ਸਮੇਤ ਉੱਤਰ ਭਾਰਤ ਦੇ ਕੁੱਝ ਹਿੱਸਿਆਂ 'ਚ ਵੀਰਵਾਰ ਨੂੰ ਹੋਈ ਹਲਕੇ ਮੀਂਹ ਨਾਲ ਅੱਤ ਦੀ ਗਰਮੀ ਤੋਂ ਸਕੂਨ ਮਿਲਿਆ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਦਿੱਲੀ ਅਤੇ ਪੱਛਮੀ ਬੰਗਾਲ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ 'ਚ ਗਰਜ ਨਾਲ ਹਨ੍ਹੇਰੀ-ਤੂਫਾਨ ਆਉਣ ਅਤੇ ਹਲਕੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਪਹਾੜੀ ਖੇਤਰਾਂ 'ਚ ਗੜ੍ਹੇ ਪੈਣ ਦੇ ਨਾਲ ਹੀ ਬਿਜਲੀ ਚਮਕਣ ਦਾ ਅੰਦਾਜ਼ਾ ਲਗਾਇਆ ਗਿਆ ਹੈ, ਜਿਸ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਭਾਰਤ ਮੌਸਮ ਵਿਗਿਆਨ ਮਹਿਕਮਾ (ਆਈ.ਐੱਮ.ਡੀ) ਨੇ ਅੰਦਾਜ਼ਾ ਲਾਇਆ ਹੈ ਕਿ ਉੱਤਰ-ਪੱਛਮ ਅਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਗਰਮੀ ਅੱਜ ਭਾਵ ਸ਼ੁੱਕਰਵਾਰ ਤੋਂ ਹੋਰ ਘੱਟ ਹੋਵੇਗੀ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਬੱਦਲ ਛਾਏ ਰਹਿਣ ਅਤੇ ਥੋੜ੍ਹੀ ਜਿਹੇ ਮੀਂਹ ਨਾਲ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਵੀਰਵਾਰ ਨੂੰ ਇੱਥੋਂ ਦਾ ਤਾਪਮਾਨ ਕਈ ਡਿਗਰੀ ਹੇਠਾਂ ਆ ਗਿਆ ਅਤੇ ਸ਼ਾਮ ਦੇ ਸਮੇਂ ਸ਼ਹਿਰ 'ਚ ਤੇਜ਼ ਹਵਾਵਾਂ ਚੱਲੀਆਂ ਤੇ ਕਈ ਇਲਾਕਿਆਂ 'ਚ ਮੀਂਹ ਵੀ ਪਿਆ । ਭਾਰਤੀ ਮੌਸਮ ਵਿਗਿਆਨ ਮਹਿਕਮੇ ਦੇ ਖੇਤਰੀ ਭਵਿੱਖਬਾਣੀ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਹੈ ਕਿ ਹੇਠਲੇ ਪੱਧਰ 'ਤੇ ਤਾਜ਼ਾ ਪੱਛਮੀ ਗੜਬੜੀ ਅਤੇ ਪੂਰਬੀ ਹਵਾਵਾਂ ਚੱਲਣ ਕਾਰਨ ਮੌਸਮ 'ਚ ਬਦਲਾਅ ਹੋਇਆ ਹੈ। 29-30 ਮਈ ਨੂੰ ਦਿੱਲੀ-ਐੱਨ.ਸੀ.ਆਰ 'ਚ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੇ ਨਾਲ ਧੂੜ ਭਰੀ ਹਨ੍ਹੇਰੀ ਅਤੇ ਗਰਜ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ ਹੈ।

ਰਾਜਸਥਾਨ ਦੇ ਕੁਝ ਹਿੱਸਿਆਂ 'ਚ ਲੂ ਦੇ ਨਾਲ ਭਿਆਨਕ ਗਰਮੀ ਦਾ ਕਹਿਰ ਵੀਰਵਾਰ ਨੂੰ ਵੀ ਜਾਰੀ ਰਿਹਾ ਹੈ। ਮੌਸਮ ਮਹਿਕਮੇ ਮੁਤਾਬਕ ਚੁਰੂ ਅਤੇ ਸ਼੍ਰੀਗੰਗਾਨਗਰ 'ਚ ਵੱਧ ਤੋਂ ਵੱਧ ਤਾਪਮਾਨ 46.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਭਾਗ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਬੀਕਾਨੇਰ, ਚੁਰੂ, ਹਨੂਮਾਨਗੜ੍ਹ, ਸ਼੍ਰੀਨਗਰ, ਨਾਗੌਰ, ਜੈਪੁਰ, ਜੋਧਪੁਰ, ਅਲਵਰ, ਭਰਤਪੁਰ, ਸੀਕਰ, ਦੌਸਾ ਅਤੇ ਝੁੰਝੁਨੂੰ ਜ਼ਿਲ੍ਹਿਆਂ 'ਚ ਧੂੜ ਭਰੀ ਹਨ੍ਹੇਰੀ ਦੇ ਨਾਲ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। 

ਹਰਿਆਣਾ ਅਤੇ ਪੰਜਾਬ ਦੇ ਕੁਝ ਹਿੱਸਿਆਂ 'ਚ ਥੋੜ੍ਹਾ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ ਅਤੇ ਕਈ ਸਥਾਨਾਂ 'ਤੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਹੇਠਾ ਦਰਜ ਕੀਤਾ ਗਿਆ ਹੈ। ਮੌਸਮ ਮਹਿਕਮੇ ਨੇ ਦੱਸਿਆ ਹੈ ਕਿ ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ 'ਚ ਥੋੜ੍ਹਾ ਮੀਂਹ ਪੈਣ ਨਾਲ ਵੱਧ ਤੋਂ ਵੱਧ ਤਾਪਮਾਨ 37.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਸਾਧਾਰਨ ਸੀਮਾ ਤੋਂ ਕੁਝ ਘੱਟ ਰਿਹਾ। ਮੌਸਮ ਵਿਗਿਆਨ ਵਿਭਾਗ ਨੇ ਵੀਰਵਾਰ ਨੂੰ ਦੱਸਿਆ ਹੈ ਕਿ ਬੰਗਾਲ ਦੀ ਖਾੜੀ ਦੇ ਉੱਪਰ ਚੱਕਰਵਾਤ ਦੀ ਸਥਿਤੀ ਬਣਨ ਦੇ ਕਾਰਨ ਦੱਖਣੀ-ਪੱਛਮੀ ਮਾਨਸੂਨ ਕੇਰਲ 'ਚ 1 ਜੂਨ ਨੂੰ ਦਸਤਕ ਦੇ ਸਕਦਾ ਹੈ। 


author

Iqbalkaur

Content Editor

Related News