ਮਾਮਲਾ ਫਰਜ਼ੀ ਮੁਕਾਬਲੇ ਦਾ; ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਨੂੰ ਉਮਰ ਕੈਦ
Tuesday, Mar 19, 2024 - 07:42 PM (IST)

ਮੁੰਬਈ, (ਭਾਸ਼ਾ)- ਮੁੰਬਈ 'ਚ 2006 'ਚ ਗੈਂਗਸਟਰ ਛੋਟਾ ਰਾਜਨ ਦੇ ਕਥਿਤ ਕਰੀਬੀ ਸਾਥੀ ਰਾਮ ਨਾਰਾਇਣ ਗੁਪਤਾ ਦੇ ਫਰਜ਼ੀ ਮੁਕਾਬਲੇ ਦੇ ਮਾਮਲੇ 'ਚ ਬੰਬਈ ਹਾਈ ਕੋਰਟ ਨੇ ਮੰਗਲਵਾਰ ਐਨਕਾਊਂਟਰ ਸਪੈਸ਼ਲਿਸਟ ਸਾਬਕਾ ਪੁਲਸ ਮੁਲਾਜ਼ਮ ਪ੍ਰਦੀਪ ਸ਼ਰਮਾ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ। ਜਸਟਿਸ ਰੇਵਤੀ ਮੋਹਿਤੇ ਡੇਰੇ ਤੇ ਗੌਰੀ ਗੋਡਸੇ ਦੇ ਡਿਵੀਜ਼ਨ ਬੈਂਚ ਨੇ ਪ੍ਰਦੀਪ ਨੂੰ ਬਰੀ ਕਰਨ ਦੇ ਸੈਸ਼ਨ ਕੋਰਟ ਦੇ 2013 ਦੇ ਫੈਸਲੇ ਨੂੰ ਗਲਤ ਅਤੇ ਆਰਜ਼ੀ ਕਰਾਰ ਦਿੰਦੇ ਹੋਏ ਰੱਦ ਕਰ ਦਿੱਤਾ।
ਹਾਈ ਕੋਰਟ ਨੇ ਕਿਹਾ ਕਿ ਟ੍ਰਾਇਲ ਕੋਰਟ ਨੇ ਪ੍ਰਦੀਪ ਸ਼ਰਮਾ ਵਿਰੁੱਧ ਉਪਲੱਬਧ ਪੁਖਤਾ ਸਬੂਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਸਬੂਤ ਸਪੱਸ਼ਟ ਤੌਰ ’ਤੇ ਇਸ ਕੇਸ ’ਚ ਉਸ ਦੀ ਸ਼ਮੂਲੀਅਤ ਨੂੰ ਸਾਬਤ ਕਰਦੇ ਹਨ। ਬੈਂਚ ਨੇ ਪ੍ਰਦੀਪ ਨੂੰ ਤਿੰਨ ਹਫ਼ਤਿਆਂ ਅੰਦਰ ਸਬੰਧਤ ਸੈਸ਼ਨ ਅਦਾਲਤ ਅੱਗੇ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ। ਹਾਈ ਕੋਰਟ ਨੇ ਪੁਲਸ ਮੁਲਾਜ਼ਮਾਂ ਸਮੇਤ 13 ਵਿਅਕਤੀਆਂ ਨੂੰ ਹੇਠਲੀ ਅਦਾਲਤ ਵੱਲੋਂ ਦੋਸ਼ੀ ਠਹਿਰਾਉਣ ਤੇ ਉਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ । 6 ਹੋਰ ਮੁਲਜ਼ਮਾਂ ਦੀ ਦੋਸ਼ -ਸਿੱਧੀ ਅਤੇ ਉਮਰ ਕੈਦ ਦੀ ਸਜ਼ਾ ਨੂੰ ਰੱਦ ਕਰਦਿਆਂ ਉਨ੍ਹਾਂ ਨੂੰ ਬਰੀ ਕਰ ਦਿੱਤਾ।