ਫਰਜ਼ੀ ਸੀ ਹੈਦਰਾਬਾਦ ’ਚ ਰੇਪ ਦੋਸ਼ੀਆਂ ਦਾ ਐਨਕਾਊਂਟਰ, ਪੁਲਸ ਮੁਲਾਜ਼ਮਾਂ ’ਤੇ ਚੱਲੇ ਕਤਲ ਦਾ ਮਾਮਲਾ : SC
Saturday, May 21, 2022 - 02:10 PM (IST)
ਨਵੀਂ ਦਿੱਲੀ (ਏਜੰਸੀ)- ਸੁਪਰੀਮ ਕੋਰਟ ਵੱਲੋਂ ਨਿਯੁਕਤ ਪੈਨਲ ਨੇ 2019 ਵਿਚ ਹੈਦਰਾਬਾਦ ਵਿਖੇ ਜਬਰ-ਜ਼ਿਨਾਹ ਦੇ ਮੁਲਜ਼ਮਾਂ ਦੇ ਐਨਕਾਊਂਟਰ ਨੂੰ ਫਰਜ਼ੀ ਕਰਾਰ ਦਿੱਤਾ ਹੈ। ਇਸ ਪੈਨਲ ਨੇ ਸਿਫ਼ਾਰਿਸ਼ ਕੀਤੀ ਹੈ ਕਿ ਮੁਕਾਬਲੇ 'ਚ ਸ਼ਾਮਲ 10 ਪੁਲਸ ਅਧਿਕਾਰੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਚਲਾਇਆ ਜਾਵੇ। ਇਸ ਪੈਨਲ ਨੇ ਇਹ ਵੀ ਕਿਹਾ ਹੈ ਕਿ ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੇ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਇਹ ਭਰੋਸੇਮੰਦ ਨਹੀਂ ਅਤੇ ਸਬੂਤ ਇਸ ਦਾ ਸਮਰਥਨ ਨਹੀਂ ਕਰ ਰਹੇ। ਰਿਪੋਰਟ ਮੁਤਾਬਕ ਇਸ ਪੈਨਲ ਨੇ ਕਿਹਾ ਕਿ ਸਾਡੀ ਰਾਏ ਵਿਚ ਮੁਲਜ਼ਮਾਂ ਨੂੰ ਉਨ੍ਹਾਂ ਦੀ ਮੌਤ ਦਾ ਕਾਰਨ ਬਣਾਉਣ ਦੇ ਇਰਾਦੇ ਨਾਲ ਹੀ ਗੋਲੀ ਮਾਰੀ ਗਈ ਸੀ। ਹੈਦਰਾਬਾਦ ਵਿਚ ਹੋਏ ਕਥਿਤ ਮੁਕਾਬਲੇ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਇਸ ਸਾਲ ਜਨਵਰੀ ਵਿਚ ਜਸਟਿਸ ਸਿਰਪੁਰਕਰ ਦੀ ਅਗਵਾਈ ਵਾਲੇ ਪੈਨਲ ਦਾ ਗਠਨ ਕੀਤਾ ਗਿਆ ਸੀ ਜਿਸ ਨੇ ਸੀਲਬੰਦ ਲਿਫ਼ਾਫ਼ੇ ’ਚ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ ਸੀ।
ਇਹ ਵੀ ਪੜ੍ਹੋ : ਸਿਰ 'ਚ ਗੋਲ਼ੀ ਵੱਜਣ ਕਾਰਨ ਬ੍ਰੇਨ ਡੈੱਡ ਹੋਈ 6 ਸਾਲਾ ਮਾਸੂਮ, 5 ਲੋਕਾਂ ਨੂੰ ਦੇ ਗਈ ਨਵੀਂ ਜ਼ਿੰਦਗੀ
ਦੱਸਣਯੋਗ ਹੈ ਕਿ 2019 ਵਿਚ 27 ਸਾਲ ਦੀ ਇਕ ਡਾਕਟਰ ਨੂੰ ਟੋਂਦੁਪੱਲੀ ਸ਼ਮਸ਼ਾਬਾਦ ਵਿਚ ਇਕ ਟੋਲ ਪਲਾਜ਼ਾ ਨੇੜੇ ਅਗਵਾ ਕਰ ਲਿਆ ਗਿਆ ਸੀ। ਜਬਰ-ਜ਼ਿਨਾਹ ਪਿੱਛੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਲਾਸ਼ ਹੈਦਰਾਬਾਦ ਦੇ ਬਾਹਰਵਾਰ ਸ਼ਾਦਨਗਰ ਨੇੜੇ ਚਤਨਪੱਲੀ ਵਿੱਚ ਸੁੱਟ ਕੇ ਸਾੜ ਦਿੱਤੀ ਗਈ ਸੀ। ਮੁਹੰਮਦ ਆਰਿਫ, ਚਿੰਤਾਕੁੰਟਾ ਚੇਨਨਾਕੇਸ਼ਾਵੁਲੂ, ਜੋਲੂ ਸਿਵਾ ਅਤੇ ਜੋਲੂ ਨਵੀਨ ਨੂੰ ਨਵੰਬਰ 2019 ਵਿਚ ਸਮੂਹਿਕ ਜਬਰ-ਜ਼ਿਨਾਹ ਅਤੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ 6 ਦਸੰਬਰ 2019 ਨੂੰ ਇਕ ਮੁਕਾਬਲੇ ਦੌਰਾਨ ਮਾਰੇ ਗਏ ਸਨ ਕਿਉਂਕਿ ਉਨ੍ਹਾਂ ਹਿਰਾਸਤ ਦੌਰਾਨ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਇਨ੍ਹਾਂ ਮੁਲਜ਼ਮਾਂ ਬਾਰੇ ਸਬੂਤ ਇਕੱਠੇ ਕਰਨ ਲਈ ਮੌਕੇ ’ਤੇ ਪੁੱਜੀ ਸੀ। ਇਸ ਤੋਂ ਪਹਿਲਾਂ ਜੁਲਾਈ 2020 ਵਿਚ ਪੈਨਲ ਨੇ ਕਿਹਾ ਸੀ ਕਿ ਉਹ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਈ ਗਈ ਤਾਲਾਬੰਦੀ ਕਾਰਨ ਜਾਂਚ ਪੂਰੀ ਨਹੀਂ ਕਰ ਸਕਿਆ ਸੀ । ਪੈਨਲ ਨੇ ਕਿਹਾ ਕਿ ਇਸ ਦੇ ਮੈਂਬਰ ਆਪਣੀ ਜਾਂਚ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ ਮੌਕੇ ’ਤੇ ਨਿਰੀਖਣ ਅਤੇ ਖੁੱਲ੍ਹੀ ਸੁਣਵਾਈ ਕਰਨ ਤੋਂ ਅਸਮਰੱਥ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ