ਸ਼੍ਰੀਨਗਰ ’ਚ ਅੱਤਵਾਦ ਵਿਰੁੱਧ ਮਿਲੀ ਵੱਡੀ ਸਫਲਤਾ, ਫੌਜ ਨੇ TRF ਕਮਾਂਡਰ ਮਹਿਰਾਨ ਸਮੇਤ 3 ਅੱਤਵਾਦੀ ਕੀਤੇ ਢੇਰ

Thursday, Nov 25, 2021 - 10:43 AM (IST)

ਸ਼੍ਰੀਨਗਰ ’ਚ ਅੱਤਵਾਦ ਵਿਰੁੱਧ ਮਿਲੀ ਵੱਡੀ ਸਫਲਤਾ, ਫੌਜ ਨੇ TRF ਕਮਾਂਡਰ ਮਹਿਰਾਨ ਸਮੇਤ 3 ਅੱਤਵਾਦੀ ਕੀਤੇ ਢੇਰ

ਸ਼੍ਰੀਨਗਰ, (ਅਰੀਜ਼)– ਸ਼੍ਰੀਨਗਰ ਦੇ ਰਾਮਬਾਗ ਇਲਾਕੇ ’ਚ ਬੁੱਧਵਾਰ ਸੁਰੱਖਿਆ ਫੋਰਸਾਂ ਨੂੰ ਅੱਤਵਾਦ ਵਿਰੁੱਧ ਵੱਡੀ ਸਫਲਤਾ ਮਿਲੀ। ਇੱਥੇ ਫੌਜ ਨੇ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਰਾਮ ਬਾਗ ਇਲਾਕੇ ’ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਪਿੱਛੋਂ ਅੱਤਵਾਦੀਆਂ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ। ਅੱਤਵਾਦੀਆਂ ਨੇ ਆਤਮ ਸਮਰਪਣ ਕਰਨ ਦੀ ਥਾਂ ਸੁਰੱਖਿਆ ਫੋਰਸਾਂ ਦੇ ਜਵਾਨਾਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਦੌਰਾਨ 3 ਅੱਤਵਾਦੀ ਮਾਰੇ ਗਏ।

ਆਈ.ਜੀ.ਪੀ. (ਕਸ਼ਮੀਰ) ਵਿਜੇ ਕੁਮਾਰ ਨੇ ਉਕਤ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਲਾਕੇ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਲਾਕਾ ਭੀੜ ਵਾਲਾ ਹੋਣ ਕਾਰਨ ਜਵਾਨਾਂ ਨੇ ਸੰਜਮ ਵਰਤਦਿਆਂ ਕਾਰਵਾਈ ਕੀਤੀ। ਇਸ ਆਪ੍ਰੇਸ਼ਨ ਨੂੰ ਫੌਜ ਦੇ ਨਾਲ ਹੀ ਪੁਲਸ ਅਤੇ ਸੀ.ਆਰ.ਪੀ.ਐੱਫ ਦੇ ਜਵਾਨਾਂ ਨੇ ਮਿਲ ਕੇ ਨੇਪਰੇ ਚਾੜ੍ਹਿਆ। ਜਵਾਨਾਂ ਨੇ ਮੋਰਚਾ ਸੰਭਾਲਣ ਦੇ ਨਾਲ ਹੀ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ। ਮੁਕਾਬਲੇ ’ਚ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਮਹਿਰੀਨ ਯਾਸੀਨ ਸ਼ਾਲਾ ਪੁੱਤਰ ਮੁਹੰਮਦ ਯਾਸੀਨ ਵਾਸੀ ਜਮਾਲਤਾ ਐੱਮ.ਆਰ. ਗੰਜ, ਬਾਸਿਤ ਮਲਿਕ ਪੁੱਤਰ ਅਲੀ ਮੁਹੰਮਦ ਮਲਿਕ ਵਾਸੀ ਨੌਪੋਰਾ ਸਫਾ ਕਦਲ ਅਤੇ ਮਨਜ਼ੂਰ ਅਹਿਮਦ ਪੁੱਤਰ ਸੋਨੌਲਾਹ ਮੀਰ ਵਾਸੀ ਬਾਬਰ ਪੁਲਵਾਮਾ ਵਜੋਂ ਹੋਈ ਹੈ।

ਵਿਜੇ ਕੁਮਾਰ ਨੇ ਕਿਹਾ ਕਿ ਮੁਕਾਬਲੇ ’ਚ ਮਾਰੇ ਗਏ 3 ਅੱਤਵਾਦੀਆਂ ’ਚੋਂ ਇਕ ਮਹਿਰਾਨ ਟੀ.ਆਰ.ਐੱਫ ਦਾ ਕਮਾਂਡਰ ਸੀ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਦੋ ਅਧਿਆਪਕਾਂ ਅਤੇ ਕੁਝ ਹੋਰ ਨਾਗਰਿਕਾਂ ਦੀ ਹੱਤਿਆ ’ਚ ਉਸ ਦਾ ਨਾਂ ਸਾਹਮਣੇ ਆਉਣ ਪਿੱਛੋਂ ਪੁਲਸ ਉਸ ਦੀ ਭਾਲ ਕਰ ਰਹੀ ਸੀ।


author

Rakesh

Content Editor

Related News