ਪੁਲਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ ਚੋਰ ਗਿਰੋਹ ਦਾ ਮੈਂਬਰ
Thursday, Dec 05, 2024 - 05:01 PM (IST)
ਫਰੀਦਾਬਾਦ- ਫਰੀਦਾਬਾਦ ਵਿਚ ਪੁਲਸ ਅਤੇ ਕੌਮਾਂਤਰੀ ਬਦਮਾਸ਼ ਵਿਚਾਲੇ ਬੁੱਧਵਾਰ ਦੇਰ ਰਾਤ ਮੁਕਾਬਲਾ ਹੋਇਆ। ਦੋਹਾਂ ਪਾਸਿਓਂ ਹੋਈ ਫਾਇਰਿੰਗ ਵਿਚ ਚੋਰ ਗਿਰੋਹ ਦੇ ਮੈਂਬਰ ਦੇ ਪੈਰ 'ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ।
ਜਵਾਬੀ ਕਾਰਵਾਈ 'ਚ ਪੁਲਸ ਟੀਮ ਨੇ ਕੀਤੀ ਫਾਇਰਿੰਗ
ਦੱਸਿਆ ਜਾ ਰਿਹਾ ਹੈ ਕਿ ਕ੍ਰਾਈਮ ਬ੍ਰਾਂਚ ਸੈਕਟਰ-85 ਦੀ ਟੀਮ ਬੁੱਧਵਾਰ ਨੂੰ ਗਸ਼ਤ 'ਤੇ ਸੀ। ਟੀਮ ਨੂੰ ਸੂਚਨਾ ਮਿਲੀ ਸੀ ਕਿ ਅੰਤਰਰਾਜੀ ਲੁੱਟ-ਖੋਹ ਅਤੇ ਚੋਰੀ ਕਰਨ ਵਾਲੇ ਗਿਰੋਹ ਦਾ ਮੈਂਬਰ ਵਿਪਿਨ, ਜੋ ਆਪਣੇ ਗਿਰੋਹ ਨਾਲ ਮਿਲ ਕੇ ਫਰੀਦਾਬਾਦ 'ਚ ਲਗਾਤਾਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ, ਚੰਦੀਲਾ ਚੌਕ 'ਚ ਆਉਣ ਵਾਲਾ ਹੈ। ਇਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਕ੍ਰਾਈਮ ਬ੍ਰਾਂਚ ਦੀ ਟੀਮ ਮੌਕੇ 'ਤੇ ਪਹੁੰਚੀ, ਦੋਸ਼ੀ ਵਿਪਿਨ ਕਾਰ 'ਚ ਸਵਾਰ ਸੀ।
ਪੁਲਸ ਟੀਮ ਨੂੰ ਦੇਖ ਕੇ ਉਹ ਆਪਣੀ ਕਾਰ 'ਚ ਫ਼ਰਾਰ ਹੋ ਗਿਆ, ਜਿਸ ਦਾ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪਿੱਛਾ ਕੀਤਾ। ਕੁਝ ਦੂਰੀ ਤੱਕ ਪਿੱਛਾ ਕਰਨ ਤੋਂ ਬਾਅਦ ਪੁਲਸ ਟੀਮ ਨੇ ਮੁਲਜ਼ਮ ਦੀ ਕਾਰ ਨੂੰ ਰੋਕਿਆ ਤਾਂ ਉਸ ਨੇ ਕਾਰ ਵਿਚੋਂ ਹੇਠਾਂ ਉਤਰ ਕੇ ਪੁਲਸ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿਚ ਪੁਲਿਸ ਟੀਮ ਨੇ ਗੋਲੀ ਚਲਾ ਦਿੱਤੀ। ਇਸ ਦੌਰਾਨ ਦੋਸ਼ੀ ਦੀ ਲੱਤ 'ਚ ਗੋਲੀ ਲੱਗੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਫੜ ਲਿਆ ਅਤੇ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ।