ਹਥੌੜੀ ‘ਚ ਲੁਕਾ ਕੇ ਦੁਬਈ ਤੋਂ ਲਿਆਂਦਾ ਗਿਆ ਸੋਨਾ ਬਰਾਮਦ, ਤਸਕਰ ਗਿ੍ਰਫਤਾਰ

02/20/2020 6:09:59 PM

ਇੰਦੌਰ— ਸੋਨੇ ਦੀ ਸਮੱਗਲਿੰਗ ਲਈ ਹਥੌੜੀ ਦੀ ਵਰਤੋਂ ਕਰਨ ਦਾ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਏਅਰ ਇੰਡੀਆ ਦੀ ਦੁਬਈ-ਇੰਦੌਰ ਉਡਾਨ ਰਾਹੀਂ ਆਏ ਇਕ ਮੁਸਾਫਰ ਕੋਲੋਂ 696 ਗ੍ਰਾਮ ਸੋਨਾ ਬਰਾਮਦ ਕੀਤਾ। ਉਸ ਨੇ ਇਹ ਸੋਨਾ ਹਥੌੜੀ ‘ਚ ਲੁਕਾਇਆ ਹੋਇਆ ਸੀ। ਸਥਾਨਕ ਸਰਾਫਾ ਬਾਜ਼ਾਰ ‘ਚ ਇਸ ਦੀ ਕੀਮਤ 30 ਲੱਖ ਰੁਪਏ ਦੱਸੀ ਜਾਂਦੀ ਹੈ। ਹਵਾਈ ਅੱਡੇ ਦੇ ਸੂਤਰਾਂ ਮੁਤਾਬਕ ਜਦੋਂ 36 ਸਾਲ ਦੇ ਮੁਸਾਫਰ ਦੇ ਸਾਮਾਨ ‘ਚ ਇਕ ਹਥੌੜੀ ਵੇਖੀ ਗਈ ਤਾਂ ਅਧਿਕਾਰੀਆਂ ਨੂੰ ਕੁਝ ਸ਼ੱਕ ਹੋਇਆ।

ਉਨ੍ਹਾਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਨਾਲ ਤਾਲੁਕ ਰੱਖਣ ਵਾਲੇ ਇਸ ਯਾਤਰੀ ਤੋਂ 1.4 ਕਿਲੋਗ੍ਰਾਮ ਭਾਰੀ ਹਥੌੜੀ ਬਾਰੇ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਖੁਦ ਨੂੰ ਮਜ਼ਦੂਰ ਦੱਸਿਆ ਪਰ ਅਫ਼ਸਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਸਮੇਂ ਉਹ ਥੋੜ੍ਹਾ ਘਬਰਾ ਗਿਆ। ਜਦੋਂ ਹਥੌੜੀ ਨੂੰ ਆਰੀ ਨਾਲ ਕੱਟਿਆ ਗਿਆ ਤਾਂ ਅੰਦਰੋਂ ਪੀਲੀ ਧਾਰ ਨਜ਼ਰ ਆਈ। ਇਸ ਨਾਲ ਸੋਨੇ ਦੀ ਤਸਕਰੀ ਦਾ ਸ਼ੱਕ ਪੱਕਾ ਹੋ ਗਿਆ। ਉਨ੍ਹਾਂ ਨੇ ਦੱਸਿਆ,‘‘ਹਥੌੜੀ ਨੂੰ ਇਕ ਕਾਰਖਾਨੇ ’ਚ ਭੇਜ ਕੇ ਮਸ਼ੀਨ ਨਾਲ ਇਸ ਨੂੰ ਹੌਲੀ-ਹੌਲੀ ਛਿੱਲੇ ਜਾਣ ’ਤੇ ਇਸ ਦੇ ਅੰਦਰੋਂ ਇਕ ਬਕਸੇਨੁਮਾ ਜਗ੍ਹਾ ਮਿਲੀ, ਜਿਸ ’ਚ 696 ਗ੍ਰਾਮ ਸੋਨਾ ਲੁਕਾਇਆ ਗਿਆ ਸੀ।’’ ਕਸਟਮ ਵਿਭਾਗ ਸੋਨੇ ਦੀ ਕੌਮਾਂਤਰੀ ਤਸਕਰੀ ਦੇ ਮਾਮਲੇ ਦੀ ਪੂਰੀ ਜਾਂਚ ਕਰ ਰਿਹਾ ਹੈ।


DIsha

Content Editor

Related News